#AMERICA

ਵਾਸ਼ਿੰਗਟਨ ਡੀ.ਸੀ. ਦੇ ਵਿਦਿਆਰਥੀ ਹੁਣ ਪੜ੍ਹਨਗੇ ਸਿੱਖ ਧਰਮ

-49 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਭਾਈਚਾਰੇ ਨੂੰ ਜਾਣਨ ਦਾ ਮਿਲਿਆ ਮੌਕਾ
ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਵਾਸ਼ਿੰਗਟਨ ਡੀ.ਸੀ. ਦੇ ਸਕੂਲਾਂ ‘ਚ ਵਿਦਿਆਰਥੀਆਂ ਨੂੰ ਹੁਣ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਡਿਸਟ੍ਰਿਕਟ ਆਫ ਕੋਲੰਬੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਨਵੇਂ ਸਮਾਜਿਕ ਅਧਿਐਨ ਨਿਯਮਾਂ ਦੇ ਹੱਕ ‘ਚ ਮਤਦਾਨ ਕੀਤਾ ਹੈ, ਜਿਸ ਤੋਂ ਬਾਅਦ ਸਿੱਖ ਧਰਮ ਨੂੰ ਸਕੂਲੀ ਸਿਲੇਬਸ ‘ਚ ਸ਼ਾਮਲ ਕੀਤਾ ਗਿਆ। ਅਮਰੀਕਾ ਦੇ 17 ਸੂਬਿਆਂ ‘ਚ ਪਹਿਲਾਂ ਤੋਂ ਹੀ ਸਕੂਲਾਂ ‘ਚ ਸਿੱਖ ਧਰਮ ਬਾਰੇ ਪੜ੍ਹਾਇਆ ਜਾਂਦਾ ਹੈ। ਸਿੱਖ ਕੁਲੀਸ਼ਨ ਦੇ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਨਵੇਂ ਸਟੈਂਡਰਡ ਸੂਬੇ ‘ਚ ਲਗਪਗ 49,800 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਦੇਣਗੇ। ਕੱਟੜਤਾ ਨਾਲ ਨਜਿੱਠਣ ਤੇ ਡਰਾਉਣ-ਧਮਕਾਉਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਇਕ ਹੋਰ ਅਹਿਮ ਕਦਮ ਹੈ। ਇਸ ਤੋਂ ਪਹਿਲਾਂ ਵਰਜੀਨੀਆ ਸਟੇਟ ਬੋਰਡ ਆਫ ਐਜੂਕੇਸ਼ਨ ਨੇ ਅਪ੍ਰੈਲ ‘ਚ ਇਤਿਹਾਸ ਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ਦੇ ਨਵੇਂ ਨਿਯਮਾਂ ਦੇ ਹੱਕ ‘ਚ ਮਤਦਾਨ ਕੀਤਾ ਸੀ, ਜਿਸ ਵਿਚ ਸਿੱਖ ਧਰਮ ਵੀ ਸ਼ਾਮਲ ਹੈ। ਸਿੱਖ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਤੇ ਭਾਈਚਾਰੇ ਨੇ ਨਾਗਰਿਕ ਅਧਿਕਾਰਾਂ, ਸਿਆਸਤ, ਖੇਤੀ, ਇੰਜੀਨੀਅਰਿੰਗ ਤੇ ਮੈਡੀਕਲ ਦੇ ਖੇਤਰ ‘ਚ 125 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਅਮਰੀਕੀ ਸਮਾਜ ‘ਚ ਯੋਗਦਾਨ ਦਿੱਤਾ ਹੈ।

Leave a comment