#AMERICA

ਵਾਰਤਾ ਫੇਲ ਹੋਣ ਮਗਰੋਂ ਟਰੰਪ ਨੇ ਈਰਾਨ ਵਿਰੁੱਧ ਕੀਤਾ ਸਖ਼ਤ ਰੁਖ਼ ਅਖਤਿਆਰ!

ਵਾਸ਼ਿੰਗਟਨ ਡੀ.ਸੀ., 13 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਹੁਣ ਉਸ ਦੇ ਸਮੁੰਦਰੀ ਰਸਤਿਆਂ ਦੀ ਘੇਰਾਬੰਦੀ ਕਰਨ ਦੇ ਵਿਕਲਪ ‘ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਘਟਨਾਕ੍ਰਮ ਇਸਲਾਮਾਬਾਦ ਵਿਚ ਹੋਈ ਸ਼ਾਂਤੀ ਵਾਰਤਾ ਦੇ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਇਸਲਾਮਾਬਾਦ ਵਿਚ ਹੋਈਆਂ ਬੈਠਕਾਂ ਦੌਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੁਜ਼ ਜਲਡਮਰੂ ਅਤੇ ਈਰਾਨ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਗੰਭੀਰ ਮਤਭੇਦ ਪੈਦਾ ਹੋ ਗਏ। ਦੋਵਾਂ ਧਿਰਾਂ ਵਿਚਾਲੇ ਰਾਏ ਦੀ ਭਿੰਨਤਾ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹ ਸਕੀ ਅਤੇ ਅੰਤ ਵਿੱਚ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ।
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਲੇਖ ਸਾਂਝਾ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਅਮਰੀਕਾ ਕੋਲ ਈਰਾਨ ਦੀ ਘੇਰਾਬੰਦੀ ਕਰਨ ਦੀ ਪੂਰੀ ਸਮਰੱਥਾ ਹੈ। ਵੈਨੇਜ਼ੁਏਲਾ ਦੀ ਘੇਰਾਬੰਦੀ ਦੀ ਅਗਵਾਈ ਕਰਨ ਵਾਲਾ ਅਮਰੀਕੀ ਜੰਗੀ ਜਹਾਜ਼ ਯੂ.ਐੱਸ.ਐੱਸ. ਗੈਰਾਲਡ ਫੋਰਡ ਹੁਣ ਫਾਰਸ ਦੀ ਖਾੜੀ ਵਿਚ ਪਹੁੰਚ ਚੁੱਕਿਆ ਹੈ। ਇਸ ਦੇ ਨਾਲ ਹੀ ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ ਅਤੇ ਹੋਰ ਵੱਡੇ ਜਲ ਸੈਨਾ ਦੇ ਜਹਾਜ਼ ਵੀ ਖੇਤਰ ਵਿਚ ਤਾਇਨਾਤ ਹਨ।