ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਵਰਕ ਪਰਮਿਟ ਨਾਲ ਸੰਬੰਧਤ ਨਵੇਂ ਨਿਯਮ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਯੋਗ ਗੈਰ-ਨਾਗਰਿਕਾਂ ਲਈ ਵਰਕ ਪਰਮਿਟ ਲਈ ਆਟੋਮੈਟਿਕ ਐਕਸਟੈਂਸ਼ਨ ਦੀ ਮਿਆਦ 180 ਦਿਨਾਂ ਤੋਂ ਵਧਾ ਕੇ 540 ਦਿਨਾਂ ਤੱਕ ਕਰ ਦਿੱਤੀ ਗਈ ਹੈ। ਇਹ ਤਬਦੀਲੀ 13 ਜਨਵਰੀ, 2025 ਤੋਂ ਲਾਗੂ ਹੋਵੇਗੀ।
ਇਸ ਨਵੇਂ ਨਿਯਮ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ, ਜਿਹੜੇ ਲੋਕ ਅਮਰੀਕਾ ਵਿਚ ਵਰਕ ਪਰਮਿਟ ‘ਤੇ ਰਹਿ ਕੇ ਆਪਣੇ ਕੰਮ ਧੰਦੇ ਕਰ ਰਹੇ ਹਨ। ਇਸ ਨਿਯਮ ਨਾਲ ਜਿੱਥੇ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ, ਉਥੇ ਉਨ੍ਹਾਂ ਦੇ ਮਾਲਕਾਂ ਨੂੰ ਵੀ ਸਥਿਰਤਾ ਪ੍ਰਦਾਨ ਕਰੇਗਾ। ਇਸ ਨਾਲ ਦੁਬਾਰਾ ਵਰਕ ਪਰਮਿਟ ਨਵਿਆਉਣ ਦੀ ਧੜਕੂ ਖਤਮ ਹੋ ਜਾਵੇਗੀ।
ਇਹ ਐਕਸਟੈਂਸ਼ਨ ਉਨ੍ਹਾਂ ਕਾਮਿਆਂ ਨੂੰ ਰਾਹਤ ਦਿੰਦੀ ਹੈ, ਜੋ ਆਪਣੇ ਪਰਿਵਾਰਾਂ ਦਾ ਸਮਰਥਨ ਕਰਨ ਲਈ ਸਮੇਂ ਸਿਰ ਨਵਿਆਉਣ ‘ਤੇ ਨਿਰਭਰ ਕਰਦੇ ਹਨ। ਇਹ ਨਿਯਮ ਬਦਲਾਵ ਵ੍ਹਾਈਟ ਹਾਊਸ ਕਮਿਸ਼ਨ ਆਨ ਏਸ਼ੀਅਨ ਅਮਰੀਕਨ, ਨੇਟਿਵ ਹਵਾਈਅਨ, ਅਤੇ ਪੈਸੀਫਿਕ ਆਈਲੈਂਡਰਜ਼ ਅਤੇ ਵਪਾਰਕ ਭਾਈਚਾਰੇ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਆਇਆ ਹੈ।
ਇਸ ਨਾਲ ਇਮੀਗ੍ਰੇਸ਼ਨ ‘ਚ ਚੱਲ ਰਹੇ ਬੈਕਲਾਗ ਨੂੰ ਹੱਲ ਕਰਨ ਵਿਚ ਵੀ ਮਦਦ ਮਿਲੇਗੀ। ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਐਨ. ਮੇਅਰਕਾਸ ਨੇ ਸਮਝਾਇਆ ਕਿ ਨਿਯਮ ਰੁਜ਼ਗਾਰਦਾਤਾਵਾਂ ਲਈ ਬੇਲੋੜੀ ਕਾਗਜ਼ੀ ਕਾਰਵਾਈ ਨੂੰ ਘਟਾ ਕੇ ਅਤੇ ਇਹ ਯਕੀਨੀ ਬਣਾ ਕੇ ਆਰਥਿਕਤਾ ਵਿਚ ਮਦਦ ਕਰੇਗਾ ਕਿ ਯੋਗ ਕਰਮਚਾਰੀ ਆਪਣੇ ਭਾਈਚਾਰਿਆਂ ਵਿਚ ਯੋਗਦਾਨ ਦੇਣਾ ਜਾਰੀ ਰੱਖ ਸਕਦੇ ਹਨ।
ਯੂ.ਐੱਸ.ਸੀ.ਆਈ.ਐੱਸ. ਦੇ ਨਿਰਦੇਸ਼ਕ ਉਰ ਐੱਮ. ਜਾਡੌ ਨੇ ਅੱਗੇ ਕਿਹਾ ਕਿ ਨਵਾਂ ਨਿਯਮ ਕਰਮਚਾਰੀਆਂ ਦੇ ਬਿਨਾਂ ਕਿਸੇ ਕਸੂਰ ਦੇ ਕੰਮ ਦੇ ਅਧਿਕਾਰ ਵਿਚ ਪਾੜੇ ਨੂੰ ਰੋਕਣ ਵਿਚ ਮਦਦ ਕਰਦਾ ਹੈ। ਇਹ ਨਿਯਮ ਈ.ਏ.ਡੀ. ਨਵਿਆਉਣ ਦੀਆਂ ਅਰਜ਼ੀਆਂ ‘ਤੇ ਲਾਗੂ ਹੋਵੇਗਾ, ਜੋ 4 ਮਈ, 2022 ਨੂੰ ਜਾਂ ਇਸ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਹਨ, ਅਤੇ ਜੋ ਅਜੇ ਵੀ ਉਡੀਕ ਕਰ ਰਹੀਆਂ ਹਨ। ਇਹ ਪ੍ਰੋਸੈਸਿੰਗ ਵਿਚ ਦੇਰੀ ਨੂੰ ਘਟਾਉਣ ਅਤੇ ਕਰਮਚਾਰੀਆਂ ਲਈ ਨੌਕਰੀ ਦੀ ਸਥਿਰਤਾ ‘ਚ ਸੁਧਾਰ ਕਰਨ ਵਿਚ ਸਹਾਈ ਹੋਵੇਗੀ।