ਲੰਡਨ, 17 ਫਰਵਰੀ (ਪੰਜਾਬ ਮੇਲ)- ਸੇਵਾ ਟਰੱਸਟ ਯੂ.ਕੇ. ਅਤੇ ਅੰਮ੍ਰਿਤਸਰ ਫਲਾਈ ਇਨੀਸ਼ੀਏਟਿਵ 2017 ਤੋਂ ਲਗਾਤਾਰ ਇੰਗਲੈਂਡ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਯਤਨਸ਼ੀਲ ਹਨ। ਜਿੱਥੇ ਦੋਨਾਂ ਸੰਸਥਾਵਾਂ ਨੇ ਏਅਰ ਇੰਡੀਆ, ਭਾਰਤੀ ਐਵੀਏਸ਼ਨ ਵਿਭਾਗ ਅਤੇ ਯੂ.ਕੇ. ਦੀਆਂ ਏਅਰਲਾਈਨਾਂ ਨੂੰ ਯੂ.ਕੇ.-ਪੰਜਾਬ ਲਈ ਵੱਧ ਰਹੀ ਹਵਾਈ ਸਫਰ ਦੀ ਲੋੜ ਨੂੰ ਮੰਗ ਪੱਤਰਾਂ ਅਤੇ ਮੀਟਿੰਗਾਂ ਰਾਹੀਂ ਜਾਣੂ ਕਰਵਾਇਆ ਹੈ, ਉਥੇ ਯੂ.ਕੇ. ਤੋਂ ਪੰਜਾਬ ਸਫਰ ਕਰ ਰਹੇ ਯਾਤਰੀਆਂ ਦੀ ਵੱਧ ਰਹੀ ਗਿਣਤੀ ਨਾਲ ਸੰਬੰਧਤ ਅੰਕੜੇ ਵੀ ਪੇਸ਼ ਕੀਤੇ ਹਨ।
ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ (ਐੱਮ.ਬੀ.ਈ.) ਨੇ ਦੱਸਿਆ ਕਿ ਸੇਵਾ ਟਰੱਸਟ ਵੱਲੋਂ ਏਅਰ ਇੰਡੀਆ ਨੂੰ 2024 ਵਿਚ 2 ਮੰਗ ਪੱਤਰ ਭੇਜੇ ਗਏ ਸਨ, ਜਿਸ ਵਿਚ ਲੰਡਨ ਤੋਂ ਪੰਜਾਬ ਜਾਣ ਲਈ ਹੋਰ ਉਡਾਣਾਂ ਦੀ ਮੰਗ ਕੀਤੀ ਸੀ ਅਤੇ ਹੀਥਰੋ ਤੋਂ ਵੀ ਸਿੱਧੀ ਉਡਾਣ ਸ਼ੁਰੂ ਕਰਨ ਸੰਬੰਧੀ ਤੱਥ ਅਤੇ ਅੰਕੜੇ ਭੇਜੇ ਸਨ। ਸੇਖੋਂ ਨੇ ਦੱਸਿਆ ਕਿ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਲੰਡਨ ਗੈਟਵਿਕ ਤੋਂ ਅੰਮ੍ਰਿਤਸਰ ਲਈ 5 ਅਪ੍ਰੈਲ ਤੋਂ ਹਫਤੇ ਵਿਚ ਤਿੰਨ ਉਡਾਣਾਂ ਨੂੰ ਵਧਾ ਕੇ ਚਾਰ ਉਡਾਣਾਂ ਕਰ ਦਿੱਤਾ ਗਿਆ ਹੈ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਲੰਡਨ ਤੋਂ ਪੰਜਾਬ ਜਾਣ ਵਾਲੇ ਮੁਸਾਫਿਰਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਇਆ ਹੈ।
ਸੇਵਾ ਟਰੱਸਟ ਨੇ ਪੰਜਾਬ ਲਈ ਸਿੱਧੀਆਂ ਉਡਾਣਾਂ ਲਈ ਦਿੱਲੀ ਦੇ ਮੁਕਾਬਲੇ ਡੇਢ ਗੁਣਾ ਵੱਧ ਕਿਰਾਏ ਦਾ ਮੁੱਦਾ ਵੀ ਉਠਾਇਆ ਹੈ। ਸੇਵਾ ਟਰੱਸਟ ਨੇ ਬ੍ਰਿਟਿਸ਼ ਅਤੇ ਵਰਜਨ ਏਅਰਲਾਈਨਾਂ ਨੂੰ ਵੀ ਪੰਜਾਬ ਸਿੱਧੀਆਂ ਉਡਾਣਾਂ ਲਈ ਮੰਗ ਪੱਤਰ ਭੇਜੇ ਹਨ।
ਲੰਡਨ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਦੀ ਗਿਣਤੀ ਵਧਾਉਣ ਸੰਬੰਧੀ ਸੇਵਾ ਟਰੱਸਟ ਯੂ.ਕੇ. ਅਤੇ ਅੰਮ੍ਰਿਤਸਰ ਫਲਾਈ ਇਨੀਸ਼ੀਏਟਿਵ ਦੇ ਯਤਨਾਂ ਨੂੰ ਪਿਆ ਬੂਰ
