#PUNJAB

ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਹੋਈਆਂ ਸ਼ੁਰੂ

ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ, ਪੁਲਿਸ ਅਤੇ ਭਾਰਤੀ ਫੌਜ ਨੇ ਕੱਢਿਆ ਸਾਂਝਾ ਫ਼ਲੈਗ ਮਾਰਚ
ਸੰਗਰੂਰ, 2 ਅਪ੍ਰੈਲ (ਸੁਨੀਲ ਕੁਮਾਰ ਗੁੰਦ/ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦੀਆਂ ਤਾਰੀਖ਼ਾਂ ਦੇ ਸ਼ਡਿਊਲ ਐਲਾਨੇ ਜਾਣ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਸਬੰਧੀ ਸੁਰੱਖਿਆ ਇੰਤਜ਼ਾਮਾਂ ਦੀ ਤਿਆਰੀ ਦੇ ਮੰਤਵ ਨਾਲ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਵਿਸ਼ਾਲ ਫ਼ਲੈਗ ਮਾਰਚ ਕੱਢਿਆ ਗਿਆ। ਪੰਜਾਬ ਪੁਲਿਸ ਅਤੇ ਭਾਰਤੀ ਸੈਨਾ ਦਾ ਇਹ ਜੁਆਇੰਟ ਫ਼ਲੈਗ ਮਾਰਚ ਸ਼ਹਿਰ ਦੇ ਮੇਨ ਬਾਜ਼ਾਰਾਂ ਵਿਚੋਂ ਲੰਘਿਆ।
ਹਾਲਾਂਕਿ ਪੰਜਾਬ ਵਿਚ ਚੋਣਾਂ ਤਕਰੀਬਨ 2 ਮਹੀਨੇ ਬਾਅਦ, 01 ਜੂਨ, ਦਿਨ ਸ਼ਨੀਵਾਰ ਨੂੰ ਹੋਣੀਆਂ ਨੀਯਤ ਹੋਈਆਂ ਹਨ ਪਰ ਸੁਰੱਖਿਆ ਦੇ ਇੰਤਜ਼ਾਮ ਪੁਖ਼ਤਾ ਕਰਨ ਲਈ ਪ੍ਰਸ਼ਾਸਨ ਵੱਲੋਂ ਕਮਰ ਕੱਸ ਲਈ ਗਈ ਹੈ, ਤਾਂ ਜੋ ਲੋਕਤੰਤਰ ਦਾ ਘਾਣ ਹੋਏ ਬਿਨਾ, ਪੰਜਾਬ ਵਿਚ ਚੋਣਾ ਅਮਨ ਅਤੇ ਸ਼ਾਂਤੀ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ, ਪੰਜਾਬ ਪੁਲਿਸ ਵੱਲੋਂ ਆਮ ਜਨਤਾ ਦੇ ਲਾਇਸੈਂਸੀ ਹਥਿਆਰਾਂ ਨੂੰ ਨੇੜੇ ਦੇ ਪੁਲਿਸ ਸਟੇਸ਼ਨ, ਜਾਂ ਅਧਿਕਾਰਿਤ ਅਸਲਾ ਏਜੰਸੀਆਂ ਕੋਲ ਆਰਜ਼ੀ ਤੌਰ ‘ਤੇ ਜਮ੍ਹਾ ਕਰਵਾਉਣ ਦਾ ਕੰਮ ਵੀ ਪੂਰੀ ਮੁਸ਼ਤੈਦੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।