”ਦੇਸ਼-ਵਿਦੇਸ਼ ਤੋਂ ਮਿਲ ਰਹੇ ਨੇ ਵਧਾਈ ਸੁਨੇਹੇ”
ਫਰਿਜ਼ਨੋ, 3 ਮਈ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਪੰਜਾਬੀ ਸੱਭਿਆਚਾਰਕ ਗਾਇਕੀ ਦਾ ਪਿੜ ਬਹੁਤ ਅਮੀਰ ਅਤੇ ਵੱਡਾ ਹੈ। ਇਸੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਹੋਰ ਵਿਸ਼ਾਲ ਕਰਨ ਲਈ ਬਹੁਤ ਸਾਰੇ ਪੰਜਾਬੀਆਂ ਦੇ ਨਾਂ ਸ਼ਾਮਲ ਹਨ, ਜਿਨਾਂ ਵਿਚੋਂ ਇੱਕ ਨਾਂ ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ ਦਾ ਆਉਂਦਾ ਹੈ, ਜਿਸ ਨੇ ਜਿੰਨਾ ਵੀ ਗਾਇਆ, ਬਹੁਤ ਸਾਫ-ਸੁਥਰਾ ਅਤੇ ਸੱਭਿਆਚਾਰਕ ਗਾਇਆ, ਜਿਸ ਨੂੰ ਦੁਨੀਆਂ ਵਿਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੇ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਸਨਮਾਨ ਵੀ ਦਿੱਤਾ। ਜਿਸ ਤਰ੍ਹਾਂ ਕਹਿੰਦੇ ਹਨ ਕਿ ”ਦੋ ਕਦਮ ਘੱਟ ਤੁਰਨਾ, ਪਰ ਤੁਰਨਾ ਮਟਕ ਦੇ ਨਾਲ” ਵਾਂਗ ਅੱਜ ਵੀ ਉਹ ਮਾਣ-ਸਨਮਾਨ ਹੋਰ ਵੱਧ ਗਿਆ, ਜਦ ਇਸੇ ਲੋਕ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ‘ਤੇ ਆਧਾਰਿਤ ਲਿਖੀ ਪੁਸਤਕ ”ਵਿਰਾਸਤ-ਏ-ਪੰਜਾਬ” ਨੂੰ ਖਾਸ ਤੌਰ ‘ਤੇ ਨਾਮਵਰ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਲੋਕ ਅਰਪਣ ਕੀਤਾ। ਇਸ ਰਿਲੀਜ਼ ਸਮਾਰੋਹ ਦੌਰਾਨ ਹਰ ਕਿਸੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਪ੍ਰਤੀ ਗਾਇਕਾ ਸੁੱਖੀ ਬਰਾੜ ਦੇ ਅਣਥੱਕ ਯਤਨਾਂ ਅਤੇ ਸਮਰਪਣ ਦੀ ਸ਼ਲਾਘਾ ਵੀ ਕੀਤੀ।
ਇਸ ਪੁਸਤਕ ਨੂੰ ਸ਼ੁਰੂ ਕਰਨ ਤੋਂ ਲੈ ਕੇ ਸੰਪੂਰਨ ਕਰਨ ਵਿਚ ਕਈ ਪ੍ਰਮੁੱਖ ਲੇਖਕਾਂ ਅਤੇ ਸਾਹਿਤਕਾਰਾਂ ਦਾ ਖਾਸ ਯੋਗਦਾਨ ਰਿਹਾ ਹੈ, ਜਿਨ੍ਹਾਂ ਵਿਚ ਮੁੱਖ ਭੂਮਿਕਾ ਪ੍ਰਭਜੋਤ ਕੌਰ ਜੋਤ ਦੀ ਰਹੀ ਹੈ। ਜਦਕਿ ਇਸ ਨੂੰ ਪ੍ਰਕਾਸ਼ਿਤ ਕਰਨ ਵਿਚ ‘ਪ੍ਰੀਤ ਪਬਲੀਕੇਸ਼ਨਜ਼ ਨਾਭਾ’ ਦੇ ਸੁਰਿੰਦਰਜੀਤ ਸਿੰਘ ਚੌਹਾਨ ਦੀ ਅਹਿਮ ਭੂਮਿਕਾ ਰਹੀ ਹੈ। ਇਸ ਤਰ੍ਹਾਂ ਇਸ ਪੁਸਤਕ ਨੂੰ ਲੋਕ-ਅਰਪਣ ਇੱਕ ਵਿਸ਼ੇਸ਼ ਸਮਾਗਮ ਰਾਹੀ ‘ਪੰਜਾਬ ਗਵਰਨਰ ਹਾਊਸ’ ਵਿਚ ਕੀਤਾ ਗਿਆ। ਜਿੱਥੇ ਅਦਾਕਾਰਾ ਪ੍ਰੀਤੀ ਸਪਰੂ, ਗਾਇਕ ਪੰਮੀ ਬਾਈ, ਮਹੰਤ ਹਰਪਾਲ ਦਾਸ, ਨਵੀਨ, ਸੁਦੇਸ਼ ਸ਼ਰਮਾ, ਦੀਪਕ ਮਖੀਜਾ ਅਤੇ ਹੋਰ ਬਹੁਤ ਸ਼ਖਸੀਅਤਾਂ ਨੇ ਪਹੁੰਚ ਕੇ ਮਾਣ ਬਖਸ਼ਿਆ। ਸਮੁੱਚੇ ਅਮਰੀਕਨ ਪੰਜਾਬੀ ਭਾਈਚਾਰੇ ਵੱਲੋਂ ਪੰਜਾਬੀਅਤ ਦੇ ਮਾਣ ਲੋਕ ਗਾਇਕਾ ਸੁੱਖੀ ਬਰਾੜ ਨੂੰ ਬਹੁਤ-ਬਹੁਤ ਮੁਬਾਰਕਾਂ।