ਸਰੀ, 11 ਫਰਵਰੀ (ਪੰਜਾਬ ਮੇਲ)-ਜਗਰੂਪ ਸਿੰਘ ਬਰਾੜ ਵੱਲੋਂ ਕਲਮਕਾਰ ਅਤੇ ਫ਼ਿਲਮਕਾਰ ਗੁਰਨੈਬ ਸਾਜਨ ਦਿਉਣ ਨੂੰ ਬ੍ਰਿਟਿਸ਼ ਕੋਲੰਬੀਆ ਸੂਬਾ ਦੇ ਸਰੀ, ਫਲੀਟਵੁੱਡ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਜਗਰੂਪ ਸਿੰਘ ਬਰਾੜ ਕੈਨੇਡਾ ਦੀ ਸਰਗਰਮ ਸਿਆਸਤ ਵਿਚ ਲੰਬੇ ਅਰਸੇ ਤੋਂ ਅਹਿਮ ਯੋਗਦਾਨ ਪਾਉਂਦੇ ਆ ਰਹੇ ਹਨ। ਜਿਸ ਕਰਕੇ ਫਲੀਟਵੁੱਡ ਦੇ ਵੋਟਰਾਂ ਵੱਲੋਂ ਉਸਨੂੰ ਛੇਵੀਂ ਵਾਰ ਐੱਮ.ਐੱਲ.ਏ. ਜਿਤਾਇਆ। ਮਨਿਸਟਰ ਜਗਰੂਪ ਸਿੰਘ ਬਰਾੜ ਵੱਲੋਂ ਗੁਰਨੈਬ ਸਾਜਨ ਨੂੰ ਬੀ.ਸੀ. ਦੀ ਰਾਜਧਾਨੀ ਵਿਕਟੋਰੀਆ ਦੀ ਵਿਧਾਨ ਸਭਾ ਵਿਚ ਬੀ.ਸੀ. ਸਰਕਾਰ ਵੱਲੋਂ ਹੁੰਦੀਆਂ ਰਾਜਨੀਤਿਕ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵਿਧਾਨ ਸਭਾ ਆਪਣੇ ਦਫਤਰ ਵਿਚ ਗੁਰਨੈਬ ਸਾਜਨ ਦੀ ਪਲੇਠੀ ਪੁਸਤਕ ਸਿਮਰਨ ਨੂੰ ਵੀ ਜਾਰੀ ਕੀਤਾ। ਉਨ੍ਹਾਂ ਨੂੰ ਪੰਜਾਬ ਵਿਚ ਬਤੌਰ ਪੱਤਰਕਾਰ ਲੇਖਕ ਤੇ ਫ਼ਿਲਮਕਾਰ ਵਜੋਂ ਸ਼ਾਨਦਾਰ ਸੇਵਾਵਾਂ ਦੇਣ ਬਦਲੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੇਖਕ ਗੁਰਨੈਬ ਸਾਜਨ ਨੇ ਕਿਹਾ ਕਿ ਜਗਰੂਪ ਸਿੰਘ ਬਰਾੜ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੇ ਹਨ, ਸਾਨੂੰ ਉਨ੍ਹਾਂ ਉੱਪਰ ਹਮੇਸ਼ਾ ਮਾਣ ਰਹੇਗਾ। ਉਨ੍ਹਾਂ ਵੱਲੋਂ ਦਿੱਤਾ ਮਾਨ-ਸਨਮਾਨ ਉਹ ਕਦੇ ਵੀ ਨਹੀਂ ਭੁੱਲ ਸਕਦਾ।
ਲੇਖਕ ਗੁਰਨੈਬ ਸਾਜਨ ਦਾ ਮਨਿਸਟਰ ਜਗਰੂਪ ਸਿੰਘ ਬਰਾੜ ਵੱਲੋਂ ਸਨਮਾਨ
