#AMERICA

ਲਾਸ ਏਂਜਲਸ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਐਪਲ ਸਟੋਰ ‘ਤੇ ਲੁੱਟ!

ਨਿਊਯਾਰਕ, 11 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਵਿਰੁੱਧ ਲਾਸ ਏਂਜਲਸ ‘ਚ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਤਹਿਤ ਬੀਤੇ ਦਿਨੀਂ ਲਾਸ ਏਂਜਲਸ ਵਿਚ ਇੱਕ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ, ਜਿਸ ਵਿਚ ਪ੍ਰਦਰਸ਼ਨਕਾਰੀਆਂ ਨੇ ਐਪਲ ਸਟੋਰ ਅਤੇ ਜੌਰਡਨ ਫਲੈਗਸ਼ਿਪ ਸਟੋਰ ਸਮੇਤ ਕਈ ਸਟੋਰਾਂ ਨੂੰ ਲੁੱਟ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਰਿਪੋਰਟਾਂ ਅਨੁਸਾਰ, ਜਦੋਂ ਲੁਟੇਰੇ ਐਪਲ ਸਟੋਰ ਦੇ ਅੰਦਰ ਸਨ, ਤਾਂ ਪੁਲਿਸ ਉੱਥੇ ਪਹੁੰਚ ਗਈ। ਇਸ ਤੋਂ ਬਾਅਦ ਬਹੁਤ ਸਾਰੇ ਲੁਟੇਰੇ ਸਟੋਰ ਦੇ ਅੰਦਰ ਫਸ ਗਏ। ਸਥਾਨਕ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਬੀਤੇ ਦਿਨੀਂ ਪ੍ਰਦਰਸ਼ਨਕਾਰੀਆਂ ਨੇ ਡਾਊਨਟਾਊਨ ਲਾਸ ਏਂਜਲਸ ਵਿਚ ਇੱਕ ਐਪਲ ਸਟੋਰ ‘ਤੇ ਹਮਲਾ ਕੀਤਾ। ਇੱਕ ਵਾਇਰਲ ਵੀਡੀਓ ਵਿਚ ਕਾਲੇ ਹੂਡੀ ਅਤੇ ਮਾਸਕ ਪਹਿਨੇ ਕਈ ਲੋਕਾਂ ਨੂੰ ਸਟੋਰ ਵਿਚ ਭੰਨਤੋੜ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਇੱਕ ਵਿਅਕਤੀ ਐਪਲ ਸਟੋਰ ਤੋਂ ਚੀਜ਼ਾਂ ਚੁੱਕਦਾ ਅਤੇ ਉਨ੍ਹਾਂ ਨੂੰ ਸ਼ੀਸ਼ੇ ‘ਤੇ ਮਾਰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਪੁਲਿਸ ਦੇ ਸਾਇਰਨ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ।
ਕੈਲੀਫੋਰਨੀਆ ਵਿਚ ਇਮੀਗ੍ਰੇਸ਼ਨ ਅਤੇ ਕਸਟਮ ਨੀਤੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਫੌਜਾਂ ਨੂੰ ਲਾਸ ਏਂਜਲਸ ਭੇਜਿਆ ਹੈ।