#AMERICA

ਲਾਸ ਏਂਜਲਸ ‘ਚ ਨੈਸ਼ਨਲ ਗਾਰਡ ਸੈਨਿਕਾਂ ਦੀ ਗਿਣਤੀ ਅੱਧੀ ਕਰਨ ਦਾ ਫੈਸਲਾ

-ਜੂਨ ਦੀ ਸ਼ੁਰੂਆਤ ਤੋਂ ਲਗਭਗ 4,000 ਨੈਸ਼ਨਲ ਗਾਰਡ ਸੈਨਿਕ ਅਤੇ 700 ਮਰੀਨ ਕੀਤੇ ਗਏ ਤਾਇਨਾਤ
ਲਾਸ ਏਂਜਲਸ, 16 ਜੁਲਾਈ (ਪੰਜਾਬ ਮੇਲ)- ਅਮਰੀਕੀ ਰੱਖਿਆ ਮੰਤਰਾਲੇ ਦੇ ਮੁੱਖ ਦਫਤਰ ਪੈਂਟਾਗਨ ਨੇ ਐਲਾਨ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਲਾਸ ਏਂਜਲਸ ਵਿਚ ਤਾਇਨਾਤ 2,000 ਨੈਸ਼ਨਲ ਗਾਰਡ ਸੈਨਿਕਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਜੂਨ ਦੀ ਸ਼ੁਰੂਆਤ ਤੋਂ ਲਾਸ ਏਂਜਲਸ ਵਿਚ ਲਗਭਗ 4,000 ਨੈਸ਼ਨਲ ਗਾਰਡ ਸੈਨਿਕ ਅਤੇ 700 ਮਰੀਨ ਤਾਇਨਾਤ ਕੀਤੇ ਗਏ ਹਨ। ਸੈਨਿਕਾਂ ਦੀ ਗਿਣਤੀ ਅੱਧੀ ਕਰਨ ਦਾ ਫੈਸਲਾ ਕੀਤਾ ਗਿਆ ਹੈ, ਹਾਲਾਂਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸੈਨਿਕਾਂ ਨੂੰ ਕਿਉਂ ਵਾਪਸ ਬੁਲਾਇਆ ਜਾ ਰਿਹਾ ਹੈ ਅਤੇ ਬਾਕੀ ਸੈਨਿਕਾਂ ਨੂੰ ਕਿੰਨੇ ਸਮੇਂ ਲਈ ਤਾਇਨਾਤ ਕੀਤਾ ਜਾਵੇਗਾ।
ਲਾਸ ਏਂਜਲਸ ਵਿਚ ਤਾਇਨਾਤ ਸੈਨਿਕਾਂ ਦੇ ਇੰਚਾਰਜ ਚੋਟੀ ਦੇ ਫੌਜੀ ਕਮਾਂਡਰ ਨੇ ਜੂਨ ਦੇ ਅਖੀਰ ਵਿਚ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਬੇਨਤੀ ਕੀਤੀ ਸੀ ਕਿ ਉਹ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਉਨ੍ਹਾਂ ਵਿਚੋਂ 200 ਸੈਨਿਕ ਭੇਜਣ। ਦਰਅਸਲ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕਿਹਾ ਸੀ ਕਿ ਨੈਸ਼ਨਲ ਗਾਰਡ ਕੋਲ ਅੱਗ ਨੂੰ ਕਾਬੂ ਕਰਨ ਲਈ ਲੋੜੀਂਦੇ ਸੈਨਿਕ ਨਹੀਂ ਹਨ। ਪੈਂਟਾਗਨ ਦੇ ਮੁੱਖ ਬੁਲਾਰੇ ਸੀਨ ਪਾਰਨੇਲ ਨੇ ਮੰਗਲਵਾਰ ਨੂੰ ਸੈਨਿਕਾਂ ਦੀ ਤਾਇਨਾਤੀ ਖਤਮ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਅਤੇ ਕਿਹਾ, ”ਸਾਡੇ ਸੈਨਿਕਾਂ ਦਾ ਧੰਨਵਾਦ ਜਿਨ੍ਹਾਂ ਨੇ ਚਾਰਜ ਸੰਭਾਲਿਆ। ਹੁਣ ਲਾਸ ਏਂਜਲਸ ਵਿਚ ਸਥਿਤੀ ਕਾਬੂ ਵਿਚ ਹੈ।” ਹਜ਼ਾਰਾਂ ਪ੍ਰਦਰਸ਼ਨਕਾਰੀ 8 ਜੂਨ ਨੂੰ ਟਰੰਪ ਦੁਆਰਾ ਨੈਸ਼ਨਲ ਗਾਰਡ ਦੀ ਤਾਇਨਾਤੀ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਅਤੇ ਇੱਕ ਮੁੱਖ ਹਾਈਵੇਅ ਨੂੰ ਰੋਕ ਦਿੱਤਾ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ।