#PUNJAB

ਲਾਰੈਂਸ ਬਿਸ਼ਨੋਈ ਗੈਂਗ ਦੇ 6 ਸਾਥੀ ਸਬੂਤਾਂ ਦੀ ਘਾਟ ਕਾਰਨ ਬਰੀ

-ਗਵਾਹ ਵੱਲੋਂ ਮੁਲਜ਼ਮਾਂ ਨੂੰ ਪਛਾਨਣ ਤੋਂ ਇਨਕਾਰ
ਚੰਡੀਗੜ੍ਹ, 4 ਅਗਸਤ (ਪੰਜਾਬ ਮੇਲ)- ਬੁੜੈਲ ‘ਚ ਹੋਈ ਗੋਲੀਬਾਰੀ ਤੇ ਕਤਲ ਦੀ ਕੋਸ਼ਿਸ਼ ਮਾਮਲੇ ‘ਚ ਸ਼ਨੀਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਫ਼ੈਸਲਾ ਸੁਣਾਉਂਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਥਿਤ 6 ਸਾਥੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਬਰੀ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬੁੜੈਲ ਦੇ ਰਹਿਣ ਵਾਲੇ ਮੋਂਟੀ ਸ਼ਾਹ, ਰਾਜਸਥਾਨ ਦੇ ਰਹਿਣ ਵਾਲੇ ਪਰਵਿੰਦਰ ਵਧਵਾ, ਦੀਪਕ ਵਧਵਾ, ਵਰਿੰਦਰ ਸੋਨੀ ਅਤੇ ਕਾਲਕਾ ਦੇ ਰਹਿਣ ਵਾਲੇ ਵਿਨੇ ਕਲਿਆਣ ਅਤੇ ਮੋਹਿਤ ਕੁਮਾਰ ਦੇ ਰੂਪ ‘ਚ ਹੋਈ ਹੈ।
ਮਾਮਲੇ ‘ਚ ਨਾਮਜ਼ਦ ਸੱਤਵੇਂ ਮੁਲਜ਼ਮ ਕੁਲਦੀਪ ਸਿੰਘ ਘੋਸ਼ਾਲ ਦੀ ਟ੍ਰਾਇਲ ਦੇ ਦੌਰਾਨ ਮੌਤ ਹੋ ਚੁੱਕੀ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਪੰਜ ਸਾਲ ਪਹਿਲਾਂ ਸੈਕਟਰ-34 ਥਾਣਾ ਪੁਲਿਸ ਨੇ ਕਤਲ ਦੀ ਕੋਸ਼ਿਸ਼ ਭਾਵ ਆਈ.ਪੀ.ਸੀ. ਦੀ ਧਾਰਾ 307, 120ਬੀ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਅਦਾਲਤ ‘ਚ ਸ਼ਿਕਾਇਤਕਰਤਾ ਆਪਣੇ ਬਿਆਨਾਂ ਤੋਂ ਮੁੱਕਰ ਗਿਆ। ਉਸ ਨੇ ਅਦਾਲਤ ‘ਚ ਮੁਲਜ਼ਮਾਂ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਵਿਨੈ, ਪਰਵਿੰਦਰ ਅਤੇ ਦੀਪਕ ਦਾ ਕੇਸ ਲੜਨ ਵਾਲੇ ਵਕੀਲ ਪਲਵਿੰਦਰ ਸਿੰਘ ਲੱਕੀ ਨੇ ਅਦਾਲਤ ‘ਚ ਬਹਿਸ ਦੌਰਾਨ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਝੂਠੇ ਕੇਸ ‘ਚ ਫਸਾਇਆ ਹੈ। ਉਹ ਤਾਂ ਮੌਕੇ ‘ਤੇ ਮੌਜੂਦ ਵੀ ਨਹੀਂ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਝੂਠੀ ਕਹਾਣੀ ਬਣਾਈ ਗਈ ਸੀ।