#PUNJAB

ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ 7 ਦਿਨਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਸ਼ੁਰੂ

ਕੈਨੇਡਾ ਤੋਂ ਆਏ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨੇ ਕੀਤਾ ਉਦਘਾਟਨ
2372 ਮਰੀਜ਼ਾਂ ਦੀ ਜਾਂਚ ਉਪਰੰਤ 1031 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ
ਆਦਮਪੁਰ, 20 ਨਵੰਬਰ (ਪੰਜਾਬ ਮੇਲ)-ਲਾਇਨਜ਼ ਕਲੱਬ ਆਦਮਪੁਰ ਵੱਲੋਂ ਲਾਇਨਜ਼ ਆਈ ਹਸਪਤਾਲ ਆਦਮਪੁਰ ਵਿਖੇ ਸੰਤ ਵਤਨ ਸਿੰਘ ਨੰਬਰਦਾਰ ਭਗਵੰਤ ਸਿੰਘ ਮਿਨਹਾਸ ਚੈਰੀਟੇਬਲ ਟ੍ਰਸਟ ਅਤੇ ਆਈਜ਼ ਫਾਰ ਦਿ ਵਰਲਡ ਕੈਨੇਡਾ ਦੇ ਸਹਿਯੋਗ ਨਾਲ 36ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਉਪਰੰਤ ਸ਼ੁਰੂ ਹੋਇਆ। ਕੈਨੇਡਾ ਤੋਂ ਆਏ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਇਸ ਕੈਂਪ ਵਿਚ ਬਤੌਰ ਮੁੱਖ ਮਹਿਮਾਨ ਅਤੇ ਸਤਨਾਮ ਸਿੰਘ ਮਿਨਹਾਸ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਮੁੱਖ ਮਹਿਮਾਨ ਜਤਿੰਦਰ ਜੇ ਮਿਨਹਾਸ ਨੇ ਰੀਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ।
ਇਹ ਜਾਣਕਾਰੀ ਦਿੰਦਿਆਂ ਕੈਂਪ ਚੇਅਰਮੈਨ ਦਸ਼ਵਿੰਦਰ ਚਾਂਦ ਨੇ ਦੱਸਿਆ ਕਿ ਲਗਾਤਰ ਇੱਕ ਹਫ਼ਤੇ ਤੋਂ ਵੀ ਵੱਧ ਚੱਲਣ ਵਾਲੇ ਇਸ ਮੈਗਾ ਅੱਖਾਂ ਦੇ ਅਪ੍ਰੇਸ਼ਨ ਕੈਂਪ ਵਿੱਚ ਪਿੰਡਾਂ ਅੰਦਰ ਲਾਏ ਮਿੰਨੀ ਕੈਂਪਾਂ ਵਿੱਚੋਂ ਅਤੇ ਅੱਜ 2372 ਮਰੀਜ਼ਾਂ ਦੀ ਜਾਂਚ ਕਰ ਕੇ ਇਨ੍ਹਾਂ ਵਿੱਚੋਂ 1031 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ ਹੈ, ਜਿਨਾਂ ਦੇ ਅਪ੍ਰੇਸ਼ਨ ਹਸਪਤਾਲ ਵਿਖੇ ਹੀ ਅਲਟਰਾ ਮਾਡਰਨ ਫੀਕੋ ਵਿਧੀ ਰਾਹੀਂ ਕੀਤੇ ਜਾਣਗੇ, ਮਰੀਜ਼ਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਸਾਰਾ ਪ੍ਰਬੰਧ ਲਾਇਨਜ਼ ਕਲੱਬ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਇਹ ਕੈਂਪ ‘ਆਈਜ਼ ਫਾਰ ਦਿ ਵਰਲਡ’ ਨਾਲ ਲਗਾਤਾਰ 6ਵਾਂ ਸਾਂਝਾ ਅਪ੍ਰੇਸ਼ਨ ਕੈਂਪ ਹੈ ਜਿਸ ਵਿੱਚ ਵੱਡੀਆਂ ਸੇਵਾਵਾਂ ‘ਆਈਜ਼ ਫਾਰ ਦਿ ਵਰਲਡ’ ਦੇ ਸਹਿਯੋਗ ਨਾਲ ਹੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਇਨਜ਼ ਆਈ ਹਸਪਤਾਲ ਵੱਲੋਂ ਲਗਾਤਾਰ ਅੱਖਾਂ ਦੇ ਖੇਤਰ ਅੰਦਰ ਵੱਡੀਆਂ ਸੇਵਾਵਾਂ ਇਲਾਕੇ ਵਿੱਚ ਹੀ ਨਹੀਂ ਸਗੋਂ ਸਾਰੇ ਉੱਤਰ ਭਾਰਤ ਵਿੱਚ ਜਾਣੀਆਂ ਜਾਣ ਲੱਗੀਆਂ ਹਨ ਤੇ ਇਨ੍ਹਾਂ ਦੀ ਇਹ ਸੇਵਾ ਹਰ ਸਾਲ ਦੂਜਿਆਂ ਲਈ ਮਿਸਾਲ ਬਣਦੀ ਹੈ। ਉਨ੍ਹਾਂ ਸਭਨਾਂ ਦੇ ਸਾਂਝੇ ਹੰਭਲੇ ਨਾਲ ਇਸ ਸਾਲ ਕੈਂਪ ਵਿਚ ਮਰੀਜ਼ਾਂ ਦੀ ਰਿਕਾਰਡ ਤੋੜ ਪਹੁੰਚ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਟੀਮ ਨੇ ਇਸ ਵਾਰ ਕਾਫੀ ਮਿਹਨਤ ਕੀਤੀ ਹੈ ਤੇ ਨਾਲ ਨਾਲ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਹਰ ਸਾਲ ਹੁੰਦੇ ਸਫਲ ਅਪ੍ਰੇਸ਼ਨਾਂ ਸਦਕਾ ਲੋਕਾਂ ਦਾ ਵਿਸ਼ਵਾਸ ਹਸਪਤਾਲ ਦੀ ਸੇਵਾ ਭਾਵਨਾ ਵੱਲ ਵੱਧਦਾ ਜਾ ਰਿਹਾ ਹੈ।
ਕਲੱਬ ਦੇ ਪ੍ਰਧਾਨ ਅਕਸ਼ਰਦੀਪ ਸ਼ਰਮਾ ਨੇ ਸਭਨਾਂ ਸਹਿਯੋਗੀਆਂ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਆਦਮਪੁਰ ਸਮਾਜ ਸੇਵਾ ਦੇ ਖੇਤਰ ਅੰਦਰ ਸਮੂਹ ਮੈਂਬਰਾਂ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸੇ ਤਰੀਕੇ ਸੇਵਾ ਕਰਦਾ ਰਹੇਗਾ ਤੇ ਆਉਣ ਵਾਲੇ ਸਮੇਂ ਅੰਦਰ ਹੋਰ ਵੀ ਵੱਡੇ ਪ੍ਰੋਜੈਕਟਾਂ ਨੂੰ ਅਮਲ ਵਿੱਚ ਲਿਆ ਕੇ ਸੇਵਾ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਾਣਗੇ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਇਲਾਕੇ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਸੀ ਸ਼ਖ਼ਸੀਅਤਾਂ ਵੀ ਹਾਜ਼ਰ ਸਨ।