#EUROPE

ਰੂਸ ਵੱਲੋਂ ਯੂਕਰੇਨ ਦੇ ਇੱਕ ਹੋਰ ਪਿੰਡ ‘ਤੇ ਕਬਜ਼ੇ ਦਾ ਦਾਅਵਾ

ਕੀਵ, 1 ਫਰਵਰੀ (ਪੰਜਾਬ ਮੇਲ)-ਰੂਸ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਪੂਰਬੀ ਯੂਕਰੇਨ ਦੋਨੇਤਸਕ ਖੇਤਰ ‘ਚ ਇੱਕ ਹੋਰ ਪਿੰਡ ‘ਤੇ ਕਬਜ਼ੇ ਕਰ ਲਿਆ ਹੈ ਅਤੇ ਲਗਪਗ ਤਿੰਨ ਸਾਲਾਂ ਦੀ ਜੰਗ ਮਗਰੋਂ ਉਹ ਪੋਕਰੋਵਸਕ ਦੇ ਅਹਿਮ ਯੂਕਰੇਨੀ ਲੋਜਿਸਟਿਕ ਕੇਂਦਰ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ ਯੂਕਰੇਨੀ ਜਨਰਲ ਸਟਾਫ ਵੱਲੋਂ ਅੱਜ ਤੜਕੇ ਜੰਗੀ ਖੇਤਰ ਦੇ ਨਸ਼ਰ ਕੀਤੇ ਨਕਸ਼ਿਆਂ ਤੋਂ ਪਤਾ ਲੱਗਦਾ ਹੈ ਕਿ ਨੋਵੋਵਾਸਿਲੀਵਕਾ ਪਿੰਡ ਦਾ ਕੁਝ ਹਿੱਸਾ ਰੂਸੀ ਕਬਜ਼ੇ ਹੇਠ ਹੈ। ਇਹ ਪਿੰਡ ਪੋਕਰੋਵਸਕ ਤੋਂ ਲਗਪਗ 11 ਕਿਲੋਮੀਟਰ ਦੂਰ ਦੱਖਣ-ਪੱਛਮ ‘ਚ ਸਥਿਤ ਹੈ। ਪੋਕਰੋਵਸਕ ਤੇ ਚਾਸਿਵ ਯਾਰ ‘ਤੇ ਕਬਜ਼ੇ ਨਾਲ ਰੂਸੀ ਫੌਜ ਨੂੰ ਦੋਨੇਤਸਕ ‘ਤੇ ਪੂਰਾ ਕਬਜ਼ਾ ਕਰਨ ‘ਚ ਮਦਦ ਮਿਲ ਸਕਦੀ ਹੈ। ਦੂਜੇ ਪਾਸੇ ਯੂਕਰੇਨ ਦੇ ਜਨਰਲ ਸਟਾਫ ਨੇ ਅੱਜ ਦਾਅਵਾ ਕੀਤਾ ਕਿ ਯੂਕਰੇਨੀ ਸੈਨਿਕਾਂ ਨੇ ਪੋਕਰੋਵਸਕ ਵੱਲ ਰੂਸੀ ਫੌਜ ਦੇ 71 ਹਮਲੇ ਨਾਕਾਮ ਕੀਤੇ ਹਨ।