ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਲਗਭਗ ਤਿੰਨ ਸਾਲ ਤੋਂ ਚੱਲੇ ਆ ਰਹੇ ਯੁੱਧ ਨੂੰ ਖਤਮ ਕਰਨ ਲਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕਰਨਗੇ। ਟਰੰਪ ਮੁਤਾਬਕ ਉਹ ਇਸ ਕਤਲੇਆਮ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ।
ਜਨਵਰੀ ਵਿਚ ਟਰੰਪ ਦੇ ਵ੍ਹਾਈਟ ਹਾਊਸ ‘ਚ ਦਾਖਲ ਹੋਣ ਤੋਂ ਪਹਿਲਾਂ ਹੀ, ਦੋਵੇਂ ਧਿਰਾਂ ਯੁੱਧ ਵਿਚ ਵੱਡੀ ਬੜਤ ਹਾਸਲ ਕਰਨ ਲਈ ਮੁਕਾਬਲਾ ਕਰ ਰਹੀਆਂ ਹਨ। ਹਾਲਾਂਕਿ ਅਮਰੀਕਾ ਤੋਂ ਸਮਰਥਨ ਹਾਸਲ ਕਰਨ ਵਾਲੇ ਦੇਸ਼ ਯੂਕਰੇਨ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਉਸ ਨੂੰ ਖੇਤਰ ਵਿਚ ਸ਼ਾਂਤੀ ਦੇ ਬਦਲੇ ਕੁਝ ਰਿਆਇਤਾਂ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਦਰਅਸਲ, ਟਰੰਪ ਮਾਸਕੋ ਦੇ ਖਿਲਾਫ ਬਾਇਡਨ ਪ੍ਰਸ਼ਾਸਨ ਦੁਆਰਾ ਕੀਵ ਨੂੰ ਦਿੱਤੀ ਗਈ ਅਰਬਾਂ ਡਾਲਰ ਦੀ ਸਹਾਇਤਾ ‘ਤੇ ਸਵਾਲ ਉਠਾਉਂਦੇ ਰਹੇ ਹਨ। ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਗੱਲਬਾਤ ਕਰਕੇ ਨਸਲਕੁਸ਼ੀ ਨੂੰ ਰੋਕਣ ਦੀ ਗੱਲ ਕੀਤੀ। ਟਰੰਪ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਾਂਗੇ ਅਤੇ ਜ਼ੇਲੇਂਸਕੀ ਅਤੇ ਯੂਕਰੇਨ ਦੇ ਪ੍ਰਤੀਨਿਧੀਆਂ ਨਾਲ ਵੀ ਗੱਲ ਕਰਾਂਗੇ।