ਚੰਡੀਗੜ੍ਹ, 18 ਜੁਲਾਈ (ਪੰਜਾਬ ਮੇਲ)- ਚੀਨ ਨੇ ਰੂਸ-ਭਾਰਤ-ਚੀਨ (ਆਰ.ਆਈ.ਸੀ.) ਤਿੰਨ ਧਿਰੀ ਸਹਿਯੋਗ ਨੂੰ ਸੁਰਜੀਤ ਕਰਨ ਲਈ ਰੂਸ ਵੱਲੋਂ ਕੀਤੀ ਗਈ ਪਹਿਲ ਨੂੰ ਹਮਾਇਤ ਦਿੱਤੀ ਹੈ। ਚੀਨ ਨੇ ਕਿਹਾ ਕਿ ਤਿੰਨ ਧਿਰੀ ਸਹਿਯੋਗ ਨਾ ਸਿਰਫ਼ ਤਿੰਨੋਂ ਮੁਲਕਾਂ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ, ਸਗੋਂ ਖ਼ਿੱਤੇ ਅਤੇ ਦੁਨੀਆਂ ਦੀ ਸੁਰੱਖਿਆ ਤੇ ਸਥਿਰਤਾ ਲਈ ਵੀ ਜ਼ਰੂਰੀ ਹੈ। ਰੂਸੀ ਨਿਊਜ਼ ਪੋਰਟਲ ਇਜ਼ਵੇਸਤੀਆ ਨੇ ਰੂਸ ਦੇ ਉਪ ਵਿਦੇਸ਼ ਮੰਤਰੀ ਆਂਦਰੇਈ ਰੂਦੇਂਕੋ ਦੇ ਹਵਾਲੇ ਨਾਲ ਕਿਹਾ ਕਿ ਮਾਸਕੋ ਆਰ.ਆਈ.ਸੀ. ਸਹਿਯੋਗ ਦੀ ਬਹਾਲੀ ਦੀ ਉਮੀਦ ਕਰਦਾ ਹੈ ਅਤੇ ਇਸ ਮੁੱਦੇ ‘ਤੇ ਉਹ ਚੀਨ ਤੇ ਭਾਰਤ ਨਾਲ ਗੱਲਬਾਤ ਕਰ ਰਹੇ ਹਨ। ਰੁਦੇਂਕੋ ਨੇ ਕਿਹਾ, ”ਇਹ ਵਿਸ਼ਾ ਦੋਵੇਂ ਮੁਲਕਾਂ ਨਾਲ ਸਾਡੀ ਗੱਲਬਾਤ ‘ਚ ਸ਼ਾਮਲ ਹੈ। ਅਸੀਂ ਆਰ.ਆਈ.ਸੀ. ਨੂੰ ਸਫ਼ਲ ਬਣਾਉਣ ‘ਚ ਦਿਲਚਸਪੀ ਰਖਦੇ ਹਾਂ ਕਿਉਂਕਿ ਤਿੰਨੋਂ ਮੁਲਕ (ਭਾਰਤ, ਰੂਸ, ਚੀਨ) ਬ੍ਰਿਕਸ ਦੇ ਬਾਨੀਆਂ ਤੋਂ ਇਲਾਵਾ ਅਹਿਮ ਭਾਈਵਾਲ ਵੀ ਹਨ।” ਰੁਦੇਂਕੋ ਦੇ ਬਿਆਨ ਬਾਰੇ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਤਿੰਨ ਧਿਰੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਰੂਸ ਅਤੇ ਭਾਰਤ ਨਾਲ ਸੰਵਾਦ ਬਣਾਈ ਰੱਖਣ ਵਾਸਤੇ ਤਿਆਰ ਹੈ।
ਰੂਸ-ਭਾਰਤ-ਚੀਨ ਤਿੰਨ ਧਿਰੀ ਸਹਿਯੋਗ ਬਹਾਲ ਕਰਨ ਨੂੰ ਮਿਲੀ ਹਮਾਇਤ
