#INDIA

ਰਾਹੁਲ ਗਾਂਧੀ 8 ਸਤੰਬਰ ਤੋਂ ਅਮਰੀਕਾ ਦੌਰੇ ‘ਤੇ

ਨਵੀਂ ਦਿੱਲੀ, 2 ਸਤੰਬਰ (ਪੰਜਾਬ ਮੇਲ)- ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਸਤੰਬਰ ‘ਚ ਤਿੰਨ ਦਿਨਾਂ ਅਮਰੀਕਾ ਦੌਰੇ ‘ਤੇ ਆ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਦੱਸਿਆ ਕਿ ਇਸ ਦੌਰਾਨ ਰਾਹੁਲ ਡਲਾਸ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਵਿਦਿਆਰਥੀਆਂ, ਟੈਕਨੋਕਰੇਟਸ, ਅਕਾਦਮਿਕ ਅਤੇ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਰਾਹੁਲ ਗਾਂਧੀ ਭਾਰਤ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਹਨ, ਬਹੁਤ ਸਾਰੇ ਪ੍ਰਵਾਸੀ ਭਾਰਤੀ, ਟੈਕਨੋਕਰੇਟਸ, ਵਪਾਰਕ ਆਗੂ, ਵਿਦਿਆਰਥੀ ਅਤੇ ਮੀਡੀਆ ਅਤੇ ਸਿਆਸੀ ਜਗਤ ਦੇ ਲੋਕ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਉਤਾਵਲੇ ਹਨ। ਇਸੇ ਨੂੰ ਧਿਆਨ ਵਿਚ ਰੱਖਦਿਆਂ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਫੇਰੀ ਦੌਰਾਨ ਰਾਹੁਲ 8 ਸਤੰਬਰ ਨੂੰ ਡਲਾਸ ਜਾਣਗੇ ਅਤੇ 9 ਤੇ 10 ਸਤੰਬਰ ਨੂੰ ਵਾਸ਼ਿੰਗਟਨ ਡੀ.ਸੀ. ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਟੈਕਸਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ, ਅਕਾਦਮੀਸ਼ਿਅਨਾਂ, ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵਿਚਾਰ-ਵਟਾਂਦਰੇ ਕਰਨਗੇ।
ਰਾਹੁਲ ਗਾਂਧੀ, ਪੰਜ ਵਾਰ ਸੰਸਦ ਮੈਂਬਰ, ਵਰਤਮਾਨ ਵਿਚ ਲੋਕ ਸਭਾ ਵਿਚ ਰਾਏਬਰੇਲੀ ਦੀ ਨੁਮਾਇੰਦਗੀ ਕਰਦੇ ਹਨ, ਇਹ ਸੀਟ ਪਹਿਲਾਂ ਉਨ੍ਹਾਂ ਦੀ ਮਾਂ, ਸੋਨੀਆ ਗਾਂਧੀ ਕੋਲ ਸੀ।