ਸਾਨ ਫਰਾਂਸਿਸਕੋ, 31 ਮਈ (ਪੰਜਾਬ ਮੇਲ)- ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਦੇ 3 ਸ਼ਹਿਰਾਂ ਦੇ ਦੌਰੇ ਲਈ ਸਾਨ ਫਰਾਂਸਿਸਕੋ ਪਹੁੰਚੇ। ਇਸ ਦੌਰਾਨ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਅਮਰੀਕੀ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨਗੇ।
ਰਾਹੁਲ ਗਾਂਧੀ ਦਾ ਹਵਾਈ ਅੱਡੇ ‘ਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਸੰਗਠਨ ਦੇ ਹੋਰ ਮੈਂਬਰਾਂ ਨੇ ਸਵਾਗਤ ਕੀਤਾ। ਰਾਹੁਲ ਵੱਲੋਂ ਸਾਨ ਫਰਾਂਸਿਸਕੋ ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਉਹ ਵਾਸ਼ਿੰਗਟਨ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਤੇ ਸੰਸਦ ਮੈਂਬਰਾਂ ਅਤੇ ਸੰਸਥਾਵਾਂ ਨਾਲ ਜੁੜੇ ਲੋਕਾਂ ਨਾਲ ਮੀਟਿੰਗਾਂ ਕਰਨਗੇ।
ਅਮਰੀਕੀ ਦੌਰੇ ਦੌਰਾਨ 52 ਸਾਲਾ ਕਾਂਗਰਸ ਨੇਤਾ ਦੇ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕਰਨ ਅਤੇ ਵਾਲ ਸਟਰੀਟ ਦੇ ਅਧਿਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਉਹ 4 ਜੂਨ ਨੂੰ ਨਿਊਯਾਰਕ ‘ਚ ਇਕ ਜਨਤਕ ਸਮਾਗਮ ਨਾਲ ਆਪਣੀ ਯਾਤਰਾ ਦੀ ਸਮਾਪਤੀ ਕਰਨ ਵਾਲੇ ਹਨ। ਇਹ ਗੱਲਬਾਤ ਨਿਊਯਾਰਕ ਦੇ ਜੈਵਿਟਸ ਸੈਂਟਰ ਵਿਚ ਹੋਵੇਗੀ।
ਰਾਹੁਲ ਗਾਂਧੀ ਨੂੰ ਐਤਵਾਰ ਨੂੰ ਯਾਤਰਾ ਲਈ ਨਵਾਂ ਆਮ ਪਾਸਪੋਰਟ ਜਾਰੀ ਕੀਤਾ ਗਿਆ ਸੀ। ਸਾਬਕਾ ਕਾਂਗਰਸ ਪ੍ਰਧਾਨ ਨੇ ਸੰਸਦ ਮੈਂਬਰ ਵਜੋਂ ਜਾਰੀ ਕੀਤੇ ਡਿਪਲੋਮੈਟਿਕ ਪਾਸਪੋਰਟ ਨੂੰ ਜਮ੍ਹਾ ਕਰਨ ਤੋਂ ਬਾਅਦ ਆਮ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਸਾਬਕਾ ਕਾਂਗਰਸ ਪ੍ਰਧਾਨ ਨੂੰ ਗੁਜਰਾਤ ਦੇ ਸੂਰਤ ਦੀ ਅਦਾਲਤ ਨੇ ਅਪਰਾਧਿਕ ਮਾਣਹਾਨੀ ਦੇ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਨੇ ਡਿਪਲੋਮੈਟਿਕ ਯਾਤਰਾ ਦਸਤਾਵੇਜ਼ ਵਾਪਸ ਕਰ ਦਿੱਤੇ ਸਨ।