ਵਾਸ਼ਿੰਗਟਨ, 1 ਦਸੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ‘ਆਟੋਪੈਨ’ ਨਾਲ ਹਸਤਾਖਰ ਕੀਤੇ ਗਏ ਸਾਰੇ ਕਾਰਜਕਾਰੀ ਆਦੇਸ਼ਾਂ ਅਤੇ ਦਸਤਾਵੇਜ਼ਾਂ ਨੂੰ ਤੁਰੰਤ ਰੱਦ ਕਰ ਰਹੇ ਹਨ।
ਟਰੰਪ ਨੇ ਦਾਅਵਾ ਕੀਤਾ ਕਿ ਬਾਇਡਨ ਪ੍ਰਸ਼ਾਸਨ ਦੌਰਾਨ ਲਗਭਗ 92 ਫ਼ੀਸਦੀ ਆਦੇਸ਼ ਇਸੇ ਮਸ਼ੀਨ ਨਾਲ ਸਾਈਨ ਹੋਏ ਸਨ ਅਤੇ ਇਹ ਪ੍ਰਥਾ ਗੈਰ-ਕਾਨੂੰਨੀ ਸੀ। ਟਰੰਪ ਨੇ ਦੋਸ਼ ਲਗਾਇਆ ਕਿ ਰੈਡੀਕਲ ਲੈਫਟ ਦੇ ਪਾਗਲ ਲੋਕਾਂ ਨੇ ਬਾਇਡਨ ਦੇ ਅਸਲ ਕੰਟਰੋਲ ਵਿਚ ਨਾ ਹੋਣ ਕਰਕੇ ਉਨ੍ਹਾਂ ਤੋਂ ਰਾਸ਼ਟਰਪਤੀ ਦਾ ਅਹੁਦਾ ਖੋਹ ਲਿਆ ਸੀ।
ਇਸ ਦੇ ਨਾਲ ਹੀ ਟਰੰਪ ਨੇ ਇੱਕ ਹੋਰ ਵੱਡਾ ਫੈਸਲਾ ਸੁਣਾਉਂਦੇ ਹੋਏ ਐਲਾਨ ਕੀਤਾ ਕਿ ਉਹ ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੀ ਇਮੀਗ੍ਰੇਸ਼ਨ ਨੂੰ ਸਥਾਈ ਤੌਰ ‘ਤੇ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਬਾਇਡਨ ਦੇ ਸਮੇਂ ਆਟੋਪੈਨ ਰਾਹੀਂ ਹੋਈ ਸਾਰੀ ਗੈਰ-ਕਾਨੂੰਨੀ ਐਂਟਰੀ ਨੂੰ ਖਤਮ ਕਰਨ ਅਤੇ ਉਨ੍ਹਾਂ ਸਭ ਨੂੰ ਬਾਹਰ ਕੱਢਣ ਦਾ ਮੌਕਾ ਮਿਲੇਗਾ, ਜੋ ਅਮਰੀਕਾ ਨੂੰ ਕੋਈ ਫਾਇਦਾ ਨਹੀਂ ਪਹੁੰਚਾਉਂਦੇ। ਉਨ੍ਹਾਂ ਨੇ ਸਾਰੇ ਗੈਰ-ਨਾਗਰਿਕਾਂ ਨੂੰ ਮਿਲਣ ਵਾਲੀਆਂ ਫੈਡਰਲ ਸਹੂਲਤਾਂ ਅਤੇ ਸਬਸਿਡੀਆਂ ਬੰਦ ਕਰਨ ਦਾ ਵੀ ਐਲਾਨ ਕੀਤਾ।
ਟਰੰਪ ਦਾ ਇਹ ਐਲਾਨ ਵਾਸ਼ਿੰਗਟਨ ਡੀ.ਸੀ. ਵਿਚ ਇੱਕ ਅਫਗਾਨ ਨਾਗਰਿਕ ਦੁਆਰਾ ਨੈਸ਼ਨਲ ਗਾਰਡ ਦੇ 2 ਜਵਾਨਾਂ ‘ਤੇ ਗੋਲੀ ਚਲਾਉਣ ਦੀ ਘਟਨਾ ਦੇ 2 ਦਿਨ ਬਾਅਦ ਆਇਆ ਹੈ, ਜਿਸ ਵਿਚ ਇੱਕ ਮਹਿਲਾ ਜਵਾਨ ਦੀ ਮੌਤ ਹੋ ਗਈ ਸੀ।
ਟਰੰਪ ਦੇ ਇਨ੍ਹਾਂ ਫੈਸਲਿਆਂ ਨਾਲ ਅਮਰੀਕਾ ਵਿਚ ਇਮੀਗ੍ਰੇਸ਼ਨ ਅਤੇ ਪਿਛਲੇ ਪ੍ਰਸ਼ਾਸਨ ਦੇ ਫੈਸਲਿਆਂ ਨੂੰ ਲੈ ਕੇ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਆਟੋਪੇਨ ਦੀ ਵਰਤੋਂ ਪਿਛਲੀਆਂ ਕਈ ਸਰਕਾਰਾਂ ਵਿਚ ਆਮ ਰਹੀ ਹੈ ਅਤੇ ਫੈਡਰਲ ਦਿਸ਼ਾ-ਨਿਰਦੇਸ਼ਾਂ ਤਹਿਤ ਜਾਇਜ਼ ਮੰਨੀ ਜਾਂਦੀ ਹੈ।
ਰਾਸ਼ਟਰਪਤੀ ਟਰੰਪ ਵੱਲੋਂ ਬਾਇਡਨ ਦੇ ‘ਆਟੋਪੈਨ’ ਨਾਲ ਜਾਰੀ ਸਾਰੇ ਆਦੇਸ਼ ਰੱਦ

