ਚੰਡੀਗੜ੍ਹ, 26 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਖਿੱਚੋਤਾਣ ਖਤਮ ਹੋਣ ਦੀ ਥਾਂ ਵਧਦੀ ਜਾ ਰਹੀ ਹੈ। ਰਾਜਪਾਲ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਸਬੰਧੀ ਕਹਿਣ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋੜਵਾਂ ਜਵਾਬ ਦਿੱਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਰਾਜਪਾਲ ਪੰਜਾਬ ਦੇ ਸ਼ਾਂਤੀਪਸੰਦ ਲੋਕਾਂ ਨੂੰ ਤੰਗ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਜਪਾਲ ਵੱਲੋਂ ਲਿਖੀਆਂ 15 ਚਿੱਠੀਆਂ ਵਿੱਚੋਂ 9 ਦੇ ਜਵਾਬ ਦੇ ਦਿੱਤੇ ਹਨ, ਜਦੋਂ ਕਿ ਬਾਕੀ ਦੇ ਜਵਾਬ ਜਲਦ ਦਿੱਤੇ ਜਾਣਗੇ। ਰਾਜਪਾਲ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਸਵਾਲ ਖੜ੍ਹੇ ਕਰ ਰਹੇ ਹਨ, ਜਦੋਂ ਕਿ ਪੰਜਾਬ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਪਾਲ ਦਾ ਕੰਮ ਸੂਬਾ ਅਤੇ ਕੇਂਦਰ ਸਰਕਾਰ ਵਿਚਕਾਰ ਪੁਲ ਦਾ ਹੁੰਦਾ ਹੈ ਪਰ ਉਹ ਕਦੇ ਵੀ ਪੰਜਾਬ ਦੇ ਹੱਕਾਂ ਲਈ ਪੁਲ ਨਹੀਂ ਬਣੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੇਂਦਰ ਤੋਂ ਆਰਡੀਐੱਫ, ਜੀਐੱਸਟੀ ਅਤੇ ਹੋਰ ਫੰਡਾਂ ਬਾਰੇ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਪਰ ਰਾਜਪਾਲ ਨੇ ਕਦੇ ਵੀ ਪੰਜਾਬ ਦੇ ਹੱਕਾਂ ਲਈ ਕੇਂਦਰ ਕੋਲ ਆਵਾਜ਼ ਨਹੀਂ ਚੁੱਕੀ, ਸਗੋਂ ਰਾਜਪਾਲ ਤਾਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ’ਤੇ ਵੀ ਹਰਿਆਣਾ ਦਾ ਪੱਖ ਪੂਰ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਦੇ ਸਾਰੇ ਗੈਰ ਭਾਜਪਾ ਸੂਬੇ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਦੋਂ ਕਿ ਮਨੀਪੁਰ ਅਤੇ ਹਰਿਆਣਾ ਦੇ ਨੂਹ ਵਿਚਲੀ ਹਿੰਸਾ ਬਾਰੇ ਕੇਂਦਰ ਸਰਕਾਰ ਜਾਂ ਉਨ੍ਹਾਂ ਸੂਬਿਆਂ ਦੇ ਰਾਜਪਾਲ ਕੁਝ ਬੋਲਣ ਲਈ ਤਿਆਰ ਨਹੀਂ ਹਨ।