#PUNJAB

ਰਾਜ ਸਭਾ ਚੋਣਾਂ ‘ਚ ਫਰਜ਼ੀ ਦਸਤਖ਼ਤ ਕਰਨ ਵਾਲੇ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ

-ਪੁਲਿਸ ਨੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਦੀ ਸ਼ਿਕਾਇਤ ‘ਤੇ ਕੀਤਾ ਸੀ ਮਾਮਲਾ ਦਰਜ
ਮਾਨਸਾ, 24 ਦਸੰਬਰ (ਪੰਜਾਬ ਮੇਲ)- ਪੰਜਾਬ ‘ਚੋਂ ਰਾਜ ਸਭਾ ਦੀ ਇੱਕ ਸੀਟ ਲਈ 24 ਅਕਤੂਬਰ ਨੂੰ ਹੋਈ ਉਪ ਚੋਣ ਵਾਸਤੇ ਕਾਗਜ਼ ਦਾਖ਼ਲ ਕਰਨ ਵੇਲੇ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰਾਂ ਦੇ ਫਰਜ਼ੀ ਦਸਤਖ਼ਤ ਕਰਨ ਵਾਲੇ ਜੈਪੁਰ ਦੇ ਪ੍ਰਤਾਪ ਨਗਰ ਦੇ ਵਾਸੀ ਨਵਨੀਤ ਚਤੁਰਵੇਦੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਾਨਸਾ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਉਸ ਖਿਲਾਫ਼ ਰਾਜ ਸਭਾ ਚੋਣ ਦੇ ਕਾਗਜ਼ ਦਾਖ਼ਲ ਕਰਨ ਵੇਲੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਸਮੇਤ ਹੋਰਾਂ ਦੇ ਫਰਜ਼ੀ ਦਸਤਖ਼ਤ ਕਰਨ ਤਹਿਤ 13 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਉਸ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਵਿਚ ਅਗਾਊਂ ਜ਼ਮਾਨਤ ਅਰਜ਼ੀ ਲਾਈ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਰਾਜ ਸਭਾ ਚੋਣਾਂ ਦੇ ਕਾਗਜ਼ ਭਰਨ ਵੇਲੇ ਨਵਨੀਤ ਚਤੁਰਵੇਦੀ ਨੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਅਤੇ ਹੋਰਾਂ ਦੇ ਫਰਜ਼ੀ ਦਸਤਖ਼ਤ ਕੀਤੇ ਸਨ। ਇਸ ਨਾਲ ਰਾਜ ਸਭਾ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਦੇ ਕਾਗਜ਼ ਵੀ ਰੱਦ ਹੋ ਸਕਦੇ ਸਨ। ਦੋ ਉਮੀਦਵਾਰਾਂ ਨੂੰ ਇੱਕ ਹੀ ਵਿਅਕਤੀ ਚੋਣਾਂ ਲਈ ਤਾਇਦ ਨਹੀਂ ਕਰ ਸਕਦਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਜਦੋਂ ਪਿਛਲੇ ਦਿਨੀਂ ਰਾਜ ਸਭਾ ਦੀ ਸੀਟ ਖਾਲੀ ਹੋਣ ਉਪਰੰਤ ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਉਨ੍ਹਾਂ ਦੀ ਪਾਰਟੀ ਨੇ ਉਮੀਦਵਾਰ ਬਣਾਇਆ, ਤਾਂ ਇਸ ਦੇ ਨਾਲ ਜੈਪੁਰ ਦੇ ਨਵਨੀਤ ਚਤੁਰਵੇਦੀ ਨੇ ਆਪਣੀ ਤਾਇਦ ਵਿਚ ਵੀ ਉਨ੍ਹਾਂ ਸਮੇਤ ਹੋਰ ਆਗੂਆਂ ਦੇ ਫਰਜ਼ੀ ਦਸਤਖ਼ਤ ਕੀਤੇ, ਜਿਸ ਦਾ ਪਤਾ ਬਾਅਦ ਵਿਚ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਥਾਣਾ ਸਰਦੂਲਗੜ੍ਹ ਵਿਖੇ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ, ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਅਗਾਊਂ ਜ਼ਮਾਨਤ ਲਈ ਮਾਨਸਾ ਦੀ ਅਦਾਲਤ ਵਿਖੇ ਅਰਜ਼ੀ ਲਗਾਈ ਸੀ।
ਵਿਧਾਇਕ ਦੇ ਵਕੀਲ ਹਰਪ੍ਰੀਤ ਸਿੰਘ ਰਮਦਿੱਤੇਵਾਲਾ ਨੇ ਦੱਸਿਆ ਕਿ ਮੁਲਜ਼ਮ ਨਵਨੀਤ ਚਤੁਰਵੈਦੀ ਦੀ ਜ਼ਮਾਨਤ ਦੀ ਅਰਜ਼ੀ ਜ਼ਿਲ੍ਹਾ ਤੇ ਸ਼ੈਸਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।