ਲੁਧਿਆਣਾ, 14 ਅਕਤੂਬਰ (ਪੰਜਾਬ ਮੇਲ)- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਭਾਜਪਾ ‘ਚੋਂ ਅਸਤੀਫਾ ਦੇ ਕੇ ਪਾਰਟੀ ਨੂੰ ਸਿਆਸੀ ਤੌਰ ‘ਤੇ ਕਿਸੇ ਸਮੇਂ ਵੀ ਭੰਬੂਤਾਰੇ ਦਿਖਾ ਸਕਦੇ ਹਨ। ਭਾਵੇਂ ਅਜੇ ਉਨ੍ਹਾਂ ਬਾਰੇ ਭਾਜਪਾ ਦੀ ਲੀਡਰਸ਼ੀਪ ਕਹਿ ਰਹੀ ਹੈ ਕਿ ਉਹ ਜਲਦੀ ਵਾਪਸ ਆਉਣਗੇ, ਉਨ੍ਹਾਂ ਦੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਪਰ ਜਾਖੜ ਵੱਲੋਂ ਧਾਰੀ ਚੁੱਪ ਅਤੇ ਉਨ੍ਹਾਂ ਦੀ ਖਾਮੋਸ਼ੀ ਇਹ ਇਸ਼ਾਰਾ ਕਰਦੀ ਹੈ ਕਿ ਜਾਖੜ ਨੇ ਹੁਣ ਭਾਜਪਾ ਨੂੰ ਫਤਿਹ ਬੁਲਾ ਦਿੱਤੀ ਹੈ। ਹੁਣ ਉਸ ਤੋਂ ਬਾਅਦ ਦਿੱਲੀ ਬੈਠੀ ਭਾਜਪਾ ਵੀ ਪੰਜਾਬ ‘ਚ ਭਾਜਪਾ ਲਈ ਕਾਫੀ ਚਿੰਤਕ ਦੱਸੀ ਜਾ ਰਹੀ ਹੈ।
ਹੁਣ ਸੂਤਰਾਂ ਨੇ ਇਥੇ ਵੱਡਾ ਇਸ਼ਾਰਾ ਕੀਤਾ ਕਿ ਪੰਜਾਬ ਦੇ ਸਿਆਸੀ ਮਿਜ਼ਾਜ ਨੂੰ ਸਮਝ ਕੇ ਹੁਣ ਸਿੱਖ ਨੇਤਾ ਦੇ ਹੱਥ ਭਾਜਪਾ ਦੀ ਸਰਦਾਰੀ ਦੇਣ ਦੀ ਲਗਭਗ ਤਿਆਰੀ ਕਰ ਚੁੱਕੀ ਹੈ। ਇਸ ਕਾਰਜ ਲਈ ਸਭ ਤੋਂ ਉੱਪਰ ਨਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬੋਲ ਰਿਹਾ ਹੈ।
ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਜਲਦੀ ਭਾਜਪਾ ਬਿੱਟੂ ਦੇ ਮੂੰਹ ਨੂੰ ਭਾਜਪਾ ਦੀ ਪ੍ਰਧਾਨਗੀ ਦਾ ਛੁਹਾਰਾ ਲਗਾਉਣ ਜਾ ਰਹੀ ਹੈ, ਜਦੋਂ ਕਿ ਚਾਰ ਨਾਂ ਹੋਰ ਵੀ ਲਾਈਨ ‘ਚ ਲੱਗੇ ਦੱਸੇ ਜਾ ਰਹੇ ਹਨ, ਜਿਨ੍ਹਾਂ ‘ਚ ਕੇਵਲ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਮੀਤ ਸਿੰਘ ਸੋਢੀ, ਫਤਿਹਜੰਗ ਸਿੰਘ ਬਾਜਵਾ ਦਾ ਨਾਂ ਸ਼ਾਮਲ ਹੈ। ਬਾਕੀ ਹੁਣ ਦੇਖਦੇ ਹਾ ਕਿ ਭਾਜਪਾ ਕਦੋਂ ਹਰੀ ਝੰਡੀ ਦਿੰਦੀ ਹੈ।