#PUNJAB

ਰਮਨ ਅਰੋੜਾ ਦੀ ਰੈਗੂਲਰ ਜ਼ਮਾਨਤ ਅਰਜ਼ੀ ਅਦਾਲਤ ਵੱਲੋਂ ਰੱਦ

ਜਲੰਧਰ, 11 ਜੁਲਾਈ (ਪੰਜਾਬ ਮੇਲ)- ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ, ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ, ਰਮਨ ਅਰੋੜਾ ਦੇ ਕੁੜਮ ਰਾਜ ਕੁਮਾਰ ਮਦਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਐਡੀਸ਼ਨਲ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮਈ ਮਹੀਨੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਅਤੇ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਜੋ ਕਿ ਇਸ ਸਮੇਂ ਜੁਡੀਸ਼ੀਅਲ ਹਿਰਾਸਤ ਵਿਚ ਹਨ ਦੋਵਾਂ ਦੀ ਰੈਗੂਲਰ ਜ਼ਮਾਨਤ ਅਤੇ ਰਮਨ ਅਰੋੜਾ ਦੇ ਕੁੜਮ ਰਾਜ ਕੁਮਾਰ ਮਦਾਨ ਜਿਸ ਨੇ ਆਪਣੇ ਵਕੀਲ ਦੇ ਰਾਹੀਂ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਲਗਾਈ ਸੀ। ਇਸ ਉੱਤੇ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਅੱਜ ਇਨ੍ਹਾਂ ਸਾਰਿਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ ਵਿਚ ਉਕਤ ਸਾਰਿਆਂ ਦੇ ਵਿਰੁੱਧ 14 ਮਈ 2025 ਨੂੰ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।