ਸਾਲਟ ਲੇਕ ਸਿਟੀ (ਯੂਟਾਹ), 19 ਨਵੰਬਰ (ਪੰਜਾਬ ਮੇਲ)- ਯੂਟਾਹ ਵਿਧਾਨ ਸਭਾ ਵੱਲੋਂ ਸਿੱਖ ਭਾਈਚਾਰੇ ਲਈ ਇੱਕ ਸਨਮਾਨ ਪੱਤਰ ਜਾਰੀ ਕੀਤਾ ਗਿਆ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨਾਲ ਸੰਬੰਧਤ ਹੋਏ ਇਸ ਸਮਾਗਮ ਵਿਚ ਡਾ. ਪ੍ਰਿਤਪਾਲ ਸਿੰਘ, ਹਿੰਮਤ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਵੀ ਸਿੱਖ ਆਗੂ ਸ਼ਾਮਲ ਹੋਏ।
ਇਸ ਦੌਰਾਨ ਰੀਪ੍ਰਜ਼ੈਂਟੇਟਿਵ ਐਂਥਨੀ ਲੋਬਟ ਅਤੇ ਸਪੀਕਰ ਮਾਈਕਲ ਸ਼ੁਲਜ਼ ਦੇ ਦਸਤਖਤਾਂ ਹੇਠ ਇਕ ਅਧਿਕਾਰਤ ਸਨਮਾਨ ਪੱਤਰ ਦਿੱਤਾ ਗਿਆ, ਜਿਸ ਵਿਚ ਅਸੈਂਬਲੀ ਵੱਲੋਂ ਇਹ ਲਿਖਿਆ ਗਿਆ ਸੀ ਕਿ ਸਿੱਖਾਂ ਦੀ ਅਮਰੀਕਾ ਵਿਚ 100 ਸਾਲ ਪਹਿਲਾਂ ਆਮਦ ਹੋਈ ਸੀ। ਸਿੱਖ ਦੁਨੀਆਂ ਵਿਚ 5ਵੇਂ ਨੰਬਰ ‘ਤੇ ਹਨ। ਸਿੱਖ ਧਰਮ ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਵਿਚ ਸ਼ੁਰੂ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸਾਰੇ ਧਰਮਾਂ ਦੇ ਲੋਕ ਬਰਾਬਰ ਹਨ ਅਤੇ ਇੱਕ ਰੱਬ ਵਿਚ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਹੈ। ਇਸ ਸਨਮਾਨ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿੱਖਾਂ ਨੇ ਅਮਰੀਕੀ ਅਰਥਵਿਵਸਥਾ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਮਾਣ ਪੱਤਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਸ਼ਹੀਦੀ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਨਾਲ ਜਿਹੜੇ ਸਿੰਘ ਸ਼ਹੀਦ ਹੋਏ ਸਨ, ਉਨ੍ਹਾਂ ਬਾਰੇ ਵੀ ਲਿਖਿਆ ਗਿਆ।
ਮਾਣ ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਯੂਟਾਹ ਦੀ ਸਿੱਖ ਸੰਗਤ ਦੇ ਨਾਲ ਖੜ੍ਹੇ ਹਨ। ਇਸ ਦੌਰਾਨ ਵੱਖ-ਵੱਖ ਅਮਰੀਕੀ ਅਤੇ ਸਿੱਖ ਆਗੂਆਂ ਨੇ ਵੀ ਸੰਬੋਧਨ ਕੀਤਾ।
ਯੂਟਾਹ ਸਟੇਟ ਅਸੈਂਬਲੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਮੌਕੇ ਜਾਰੀ ਕੀਤਾ ਗਿਆ ਸਨਮਾਨ ਪੱਤਰ

