#EUROPE

ਯੂਕੇ ਵਿੱਚ ਮਨੁੱਖੀ ਤਸਕਰੀ ਦਾ ਦੋਸ਼ੀ ਪਾਇਆ ਗਿਆ ਭਾਰਤੀ ਮੂਲ ਦਾ ਵਿਅਕਤੀ 

ਯੂਕੇ, 18 ਜੁਲਾਈ (ਪੰਜਾਬ ਮੇਲ)- ਭਾਰਤੀ ਮੂਲ ਦੇ 67 ਸਾਲਾ ਵਿਅਕਤੀ ਨੂੰ ਪੰਜ ਹੋਰ ਸਾਥੀਆਂ ਸਮੇਤ ਸੈਂਕੜੇ ਇਰਾਕੀ-ਕੁਰਦ ਪ੍ਰਵਾਸੀਆਂ ਦੀ ਯੂਕੇ ਵਿੱਚ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ।

ਗੁਰਪ੍ਰੀਤ ਸਿੰਘ ਪੀਟਰ ਕਾਹਲੋਂ ਅਤੇ ਉਨ੍ਹਾਂ ਦੇ ਗਰੁੱਪ ਨੇ ਹਰੇਕ ਵਿਅਕਤੀ ਤੋਂ $5,450 ਤੋਂ $10,901 ਤੱਕ ਦਾ ਖਰਚਾ ਲਿਆ। ਉਹ ਵੱਖ-ਵੱਖ ਤਰੀਕਿਆਂ ਨਾਲ ਪ੍ਰਵਾਸੀਆਂ ਨੂੰ ਲੁਕਾਉਂਦੇ ਸਨ, ਜਿਵੇਂ ਕਿ ਉਹਨਾਂ ਨੂੰ ਫਰਿੱਜ ਵਾਲੇ ਟਰੱਕ ਟਰੇਲਰਾਂ ਵਿੱਚ ਪਾਉਣਾ ਅਤੇ ਗੱਦਿਆਂ ਦੇ ਅੰਦਰ ਲੁਕਾਉਣਾ। ਉਨ੍ਹਾਂ ਨੇ ਅਸਲ ਡਰਾਈਵਰਾਂ ਨੂੰ ਵੀ ਧੋਖੇ ਨਾਲ ਅਣਜਾਣੇ ਵਿੱਚ ਪ੍ਰਵਾਸੀਆਂ ਨੂੰ ਆਪਣੇ ਵਾਹਨਾਂ ਵਿੱਚ ਬਿਠਾ ਕੇ ਲਿਜਾਣ ਦਾ ਝਾਂਸਾ ਦਿੱਤਾ।

ਟੀਸਾਈਡ ਸਥਿਤ ਇੱਕ ਮਨੁੱਖੀ ਤਸਕਰੀ ਗਿਰੋਹ ਨੂੰ ਛੇ ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ 11 ਜੁਲਾਈ ਨੂੰ ਦੋਸ਼ੀ ਪਾਇਆ ਗਿਆ ਸੀ। ਇਸ ਮਨੁੱਖੀ ਤਸਕਰੀ ਗਿਰੋਹ ਵਿੱਚ ਗੁਰਪ੍ਰੀਤ ਸਿੰਘ ਪੀਟਰ ਕਾਹਲੋਂ, ਮੁਹੰਮਦ ਜ਼ਾਦਾ (43 ਸਾਲ), ਪਰੀਜ਼ ਅਬਦੁੱਲਾ (41 ਸਾਲ), ਖਾਲਿਦ ਮਹਿਮੂਦ (50 ਸਾਲ), ਮਾਰੇਕ ਸੋਚੈਨਿਕ (39 ਸਾਲ), ਅਤੇ ਬੈਸਟੂਨ ਮੋਸਲਿਹ (41 ਸਾਲ) ਸ਼ਾਮਲ ਸਨ।

ਗੁਰਪ੍ਰੀਤ ਸਿੰਘ ਕਾਹਲੋਂ ਗਰੋਹ ਦੇ ਮੁਖੀ ਮੁਹੰਮਦ ਜ਼ਾਦਾ ਨਾਲ ਮਿਲ ਕੇ ਕੰਮ ਕਰਦਾ ਸੀ। ਉਸਦਾ ਕੰਮ ਡਰਾਈਵਰਾਂ ਨੂੰ ਲੱਭਣਾ ਅਤੇ ਤਸਕਰੀ ਕਰਨ ਵਾਲੇ ਲੋਕਾਂ ਦੀ ਮਦਦ ਕਰਨਾ ਸੀ। ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਨੇ ਜ਼ਾਦਾ ਨੂੰ ਇੱਕ ਕੈਂਪਰਵੈਨ ਦੀ ਜਾਂਚ ਕਰਦੇ ਹੋਏ ਵੀਡੀਓ ਰਿਕਾਰਡ ਕੀਤਾ ਜਿਸ ਨੂੰ ਕਾਹਲੋਂ ਨੇ ਫਰਾਂਸ ਤੋਂ ਪ੍ਰਵਾਸੀਆਂ ਨੂੰ ਲਿਆਉਣ ਲਈ ਕਿਰਾਏ ‘ਤੇ ਲਿਆ ਸੀ

ਗਿਰੋਹ ਦੇ ਤਸਕਰੀ ਦੇ ਕਾਰਜਾਂ ਵਿੱਚ ਫਰਾਂਸ ਅਤੇ ਬੈਲਜੀਅਮ ਤੋਂ ਪ੍ਰਵਾਸੀਆਂ ਨੂੰ ਯੂਕੇ ਵਿੱਚ ਲਿਜਾਣ ਲਈ ਕੈਂਪਰਵੈਨਾਂ, ਉਤਪਾਦਾਂ ਨੂੰ ਲੈ ਕੇ ਜਾਣ ਵਾਲੀਆਂ ਫਰਿੱਜ ਵਾਲੀਆਂ ਲਾਰੀਆਂ, ਸਾਈਕਲਾਂ ਦੇ ਡੱਬਿਆਂ ਵਾਲੀਆਂ ਵੈਨਾਂ ਅਤੇ ਗੱਦਿਆਂ ਦੀ ਸ਼ਿਪਮੈਂਟ ਸ਼ਾਮਲ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੈਂਕੜੇ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਲਿਆਂਦਾ ਹੈ।

ਕਾਹਲੋਂ ਨੇ ਅਦਾਲਤ ਵਿੱਚ ਪਹਿਲਾਂ ਵੀ ਇਮੀਗ੍ਰੇਸ਼ਨ ਕਾਨੂੰਨ ਤੋੜਨ ਵਿੱਚ ਮਦਦ ਕਰਨ ਦਾ ਦੋਸ਼ ਕਾਬੁਲ ਕੀਤਾ ਸੀ। ਜ਼ਾਦਾ ਅਤੇ ਸੋਚੈਨਿਕ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਦੋਸ਼ੀ ਪਾਇਆ ਗਿਆ ਕਿਉਂਕਿ ਉਹ ਮੁਕੱਦਮੇ ਤੋਂ ਪਹਿਲਾਂ ਫਰਾਰ ਹੋ ਗਏ ਸਨ। ਪੁਲਿਸ ਉਨ੍ਹਾਂ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਾਰੇ ਛੇ ਵਿਅਕਤੀਆਂ ਨੂੰ 20 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

NCA ਬ੍ਰਾਂਚ ਕਮਾਂਡਰ ਮਾਰਟਿਨ ਕਲਾਰਕ ਨੇ ਕਿਹਾ, “ਸਾਡੀ ਪੂਰੀ ਜਾਂਚ ਨੇ ਸਾਨੂੰ ਇੱਕ ਵੱਡੇ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕੀਤੀ ਹੈ ਜੋ ਸੈਂਕੜੇ, ਸ਼ਾਇਦ ਹਜ਼ਾਰਾਂ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਯੂਕੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ।”

ਉਹਨਾਂ ਨੇ ਅੱਗੇ ਕਿਹਾ ਕਿ ,”ਜ਼ਾਦਾ ਅਤੇ ਉਸਦੇ ਗਿਰੋਹ ਦੇ ਲੋਕਾਂ ਨੇ ਉਹਨਾਂ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਦੀ ਉਹ ਤਸਕਰੀ ਕਰ ਰਹੇ ਸਨ। ਉਹ ਉਹਨਾਂ ਨੂੰ ਸਿਰਫ ਪੈਸਾ ਕਮਾਉਣ ਲਈ ਰੈਫ੍ਰਿਜਰੇਟਿਡ ਟਰੱਕਾਂ ਵਰਗੀਆਂ ਖਤਰਨਾਕ ਥਾਵਾਂ ‘ਤੇ ਰੱਖਣ ਲਈ ਤਿਆਰ ਸਨ।”