ਮਾਸਕੋ, 22 ਜੁਲਾਈ (ਪੰਜਾਬ ਮੇਲ)- ਬੀਤੇ ਚਾਰ ਸਾਲਾਂ ਤੋਂ ਜਾਰੀ ਜੰਗ ਖ਼ਤਮ ਹੋਣ ਦੀ ਆਸ ਬਣੀ ਹੈ। ਰੂਸ ਯੂਕਰੇਨ ਨਾਲ ਸਮਝੌਤੇ ਵੱਲ ਤੇਜ਼ੀ ਨਾਲ ਅੱਗੇ ਵਧਣ ਲਈ ਤਿਆਰ ਹੈ, ਪਰ ਇਸ ਲਈ ਰੂਸ ਨੇ ਕੁਝ ਸ਼ਰਤਾਂ ਰੱਖੀਆਂ ਹਨ। ਰੂਸ ਪਹਿਲਾਂ ਇਨ੍ਹਾਂ ਸ਼ਰਤਾਂ ਬਾਰੇ ਗੱਲ ਕਰਨਾ ਚਾਹੁੰਦਾ ਹੈ। ਰੂਸੀ ਸੰਸਦ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਹ ਮਹੱਤਵਪੂਰਨ ਜਾਣਕਾਰੀ ਦਿੱਤੀ। ਸਰਕਾਰੀ ਟੈਲੀਵਿਜ਼ਨ ਨੂੰ ਦਿੱਤੀ ਇੱਕ ਇੰਟਰਵਿਊ ਵਿਚ ਪੇਸਕੋਵ ਨੇ ਕਿਹਾ, ”ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਾਰ-ਵਾਰ ਯੂਕਰੇਨ ਦੇ ਸਮਝੌਤੇ ਨੂੰ ਜਲਦੀ ਤੋਂ ਜਲਦੀ ਸ਼ਾਂਤੀਪੂਰਨ ਸਿੱਟੇ ‘ਤੇ ਲਿਆਉਣ ਦੀ ਇੱਛਾ ਪ੍ਰਗਟ ਕੀਤੀ ਹੈ। ਇਹ ਇੱਕ ਲੰਬੀ ਪ੍ਰਕਿਰਿਆ ਹੈ, ਇਸ ਲਈ ਕੋਸ਼ਿਸ਼ ਦੀ ਲੋੜ ਹੈ ਅਤੇ ਇਹ ਆਸਾਨ ਨਹੀਂ ਹੈ।”
ਉਨ੍ਹਾਂ ਅੱਗੇ ਕਿਹਾ, ‘ਸਾਡੇ ਟੀਚੇ ਸਪੱਸ਼ਟ ਹਨ, ਉਹ ਨਹੀਂ ਬਦਲਦੇ।’ ਰੂਸੀ ਅਧਿਕਾਰੀਆਂ ਨੇ ਵਾਰ-ਵਾਰ ਕਿਹਾ ਹੈ ਕਿ ਕੋਈ ਵੀ ਸ਼ਾਂਤੀ ਸਮਝੌਤਾ ਯੂਕਰੇਨ ਦੇ ਆਪਣੇ ਚਾਰ ਖੇਤਰਾਂ ਤੋਂ ਆਪਣੀਆਂ ਫੌਜਾਂ ਵਾਪਸ ਲੈਣ, ਨਾਟੋ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਛੱਡਣ ਅਤੇ ਨਾਟੋ ਫੌਜਾਂ ਦੀ ਤਾਇਨਾਤੀ ਨੂੰ ਰੋਕਣ ‘ਤੇ ਨਿਰਭਰ ਕਰਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਇਸ ਹਫ਼ਤੇ ਰੂਸ ਨਾਲ ਸ਼ਾਂਤੀ ਗੱਲਬਾਤ ਦਾ ਇੱਕ ਨਵਾਂ ਦੌਰ ਕਰਨ ਦਾ ਪ੍ਰਸਤਾਵ ਰੱਖਿਆ ਹੈ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ, ‘ਜੰਗਬੰਦੀ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।’
ਗੌਰਤਲਬ ਹੈ ਕਿ 14 ਜੁਲਾਈ ਨੂੰ ਓਵਲ ਦਫਤਰ ਵਿਚ ਨਾਟੋ ਦੇ ਸਕੱਤਰ ਜਨਰਲ ਮਾਰਕ ਰੂਟ ਨਾਲ ਇੱਕ ਮੀਟਿੰਗ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨਾਟੋ ਰਾਹੀਂ ਯੂਕਰੇਨ ਨੂੰ ਹਥਿਆਰ ਭੇਜੇਗਾ ਅਤੇ ਧਮਕੀ ਦਿੱਤੀ ਸੀ ਕਿ ਜੇਕਰ 50 ਦਿਨਾਂ ਦੇ ਅੰਦਰ ਜੰਗਬੰਦੀ ਸਮਝੌਤਾ ਨਹੀਂ ਹੋਇਆ, ਤਾਂ ਰੂਸ ‘ਤੇ ‘ਸਖ਼ਤ ਟੈਰਿਫ’ ਲਗਾਏ ਜਾਣਗੇ। ਦੂਜੇ ਪਾਸੇ ਰੂਸ ਨੇ ਟਰੰਪ ਦੇ 50 ਦਿਨਾਂ ਦੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਅਤੇ ਇਸ ਧਮਕੀ ਨੂੰ ਅਸਵੀਕਾਰਨਯੋਗ ਕਿਹਾ।
ਯੂਕਰੇਨ ਨਾਲ ਸ਼ਰਤਾਂ ਤਹਿਤ ਗੱਲਬਾਤ ਲਈ ਰੂਸ ਤਿਆਰ
