#EUROPE

ਯੂ.ਕੇ. ਸਰਕਾਰ ਵੱਲੋਂ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਲਈ advisory ਜਾਰੀ

ਲੰਡਨ, 26 ਮਾਰਚ (ਪੰਜਾਬ ਮੇਲ)- ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਭਾਰਤ ਵਿਚ ਜਨਰਲ ਚੋਣਾਂ ਦੇ ਮੱਦੇਨਜ਼ਰ ਸੁਚੇਤ ਰਹਿਣ ਲਈ ਕਿਹਾ ਹੈ। ਯੂ.ਕੇ. ਦੀ ਸਰਕਾਰੀ ਵੈਬਸਾਈਟ ‘ਤੇ ਭਾਰਤ ਜਾਣ ਵਾਲੇ ਯਾਤਰੀਆਂ ਨੂੰ ਭਾਰਤੀ ਖੇਤਰਾਂ ਵਿਚ ਯਾਤਰੀਆਂ ਨੂੰ ਜਾਨੀ ਸੁਰੱਖਿਆ ਦੇ ਮੱਦੇਨਜ਼ਰ ਸੁਚੇਤ ਰਹਿਣ ਤੇ ਬਗੈਰ ਲੋੜ ਦੇ ਕਿਤੇ ਨਾ ਜਾਣ ਲਈ ਕਿਹਾ ਹੈ। ਯੂ.ਕੇ. ਸਰਕਾਰ ਨੇ ਕਿਹਾ ਕਿ ਭਾਰਤ ਵਿਚ ਜਨਰਲ ਆਮ ਚੋਣਾਂ 19 ਅਪ੍ਰੈਲ ਤੋਂ 1 ਜੂਨ ਦਰਮਿਆਨ ਹੋਣਗੀਆਂ ਤੇ ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਸ ਦੌਰਾਨ ਦੇਸ਼ ਭਰ ਵਿਚ ਸਿਆਸੀ ਰੈਲੀਆਂ ਅਤੇ ਜਨਤਕ ਮੀਟਿੰਗਾਂ, ਵੱਡੇ ਇਕੱਠਾਂ ਦੇ ਆਲੇ-ਦੁਆਲੇ ਸਾਵਧਾਨੀ ਵਰਤਣ ਦੇ ਨਾਲ, ਸਥਾਨਕ ਮੀਡੀਆ ਵਿਚ ਅੱਪਡੇਟ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਸਰਕਾਰ ਨੇ ਕਿਹਾ ਕਿ ਹੜਤਾਲਾਂ, ਸਿਆਸੀ ਰੈਲੀਆਂ ਅਤੇ ਪ੍ਰਦਰਸ਼ਨ ਅਕਸਰ ਹੁੰਦੇ ਹਨ ਅਤੇ ਕਈ ਰੈਲੀਆਂ ਹਿੰਸਕ ਬਣ ਸਕਦੀਆਂ ਹਨ। ਚੋਣਾਂ ਦੌਰਾਨ ਅਤੇ ਪਾਰਟੀ ਜਾਂ ਸਰਕਾਰ ਦੇ ਨੇਤਾਵਾਂ ਦੀ ਮੌਤ ਤੋਂ ਬਾਅਦ ਜ਼ੋਖਮ ਵੱਧ ਹੁੰਦੇ ਹਨ। ਵਿਰੋਧ ਪ੍ਰਦਰਸ਼ਨ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਵੀ ਹੋ ਸਕਦੇ ਹਨ, ਖਾਸ ਕਰਕੇ ਰਾਸ਼ਟਰੀ ਮਹੱਤਵ ਵਾਲੇ ਦਿਨਾਂ ਦੇ ਆਲੇ-ਦੁਆਲੇ ਘਟਨਾਵਾਂ ਆਮ ਵਾਪਰ ਜਾਂਦੀਆਂ ਹਨ ਅਤੇ ਸਥਾਨਕ ਅਧਿਕਾਰੀ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਕਰਫਿਊ ਅਤੇ ਹੋਰ ਪਾਬੰਦੀਆਂ ਲਗਾ ਸਕਦੇ ਹਨ ਤੇ ਅਫਵਾਹਾਂ ਤੋਂ ਬਚਣ ਲਈ ਸਥਾਨਕ ਪ੍ਰਸ਼ਾਸਨ ਮੋਬਾਈਲ ਅਤੇ ਇੰਟਰਨੈੱਟ ਨੈੱਟਵਰਕ ਕਵਰੇਜ ਸਮੇਤ ਆਵਾਜਾਈ ਅਤੇ ਜਨਤਕ ਸੇਵਾਵਾਂ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਵਿਘਨ ਪਾ ਸਕਦੀਆਂ ਹਨ।
ਯੂ.ਕੇ. ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਬਚਾਅ ਕਰਨ ਦੇ ਨਾਲ ਧਾਰਮਿਕ ਸਥਾਨਾਂ, ਖੇਡ ਸਟੇਡੀਅਮਾਂ ਅਤੇ ਸ਼ਾਪਿੰਗ ਸੈਂਟਰਾਂ ਸਮੇਤ ਵੱਡੇ ਇਕੱਠਾਂ ਦੇ ਆਲੇ-ਦੁਆਲੇ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਸਥਾਨਕ ਅਧਿਕਾਰੀਆਂ ਅਤੇ ਆਪਣੀ ਯਾਤਰਾ ਕੰਪਨੀ ਦੀ ਸਲਾਹ ਦੀ ਪਾਲਣਾ ਕਰਨ ਦੇ ਨਾਲ ਸਥਾਨਕ ਮੀਡੀਆ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਕਰਫਿਊ ਪਾਬੰਦੀਆਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ ਗਿਆ ਹੈ। ਯੂ.ਕੇ. ਸਰਕਾਰ ਨੇ ਭਾਰਤ ਜਾਣ ਵਾਲੇ ਨਾਗਰਿਕਾਂ ਨੂੰ ਸੁਚੇਤ ਕਰਦਿਆਂ ਲਿਖਿਆ ਹੈ ਕਿ ਭਾਰਤ ਵਿਚ ਕੰਮ ਕਰ ਰਹੇ ਅੱਤਵਾਦੀ ਅਤੇ ਵਿਦਰੋਹੀ ਸਮੂਹਾਂ ਵਿਚ ਕਸ਼ਮੀਰ ਵਿਚ ਲਸ਼ਕਰ-ਏ-ਤਾਇਬਾ (ਐੱਲ.ਈ.ਟੀ.), ਜੈਸ਼-ਏ-ਮੁਹੰਮਦ (ਜੇ.ਈ.ਐੱਮ.), ਭਾਰਤ ਦੇ ਪੂਰਬੀ ਰਾਜਾਂ ਵਿਚ ਸਰਗਰਮ ਨਕਸਲੀ (ਕਮਿਊਨਿਸਟ ਵਿਦਰੋਹੀ) ਸਮੂਹ ਸਰਗਰਮ ਹਨ ਅਤੇ ਪੰਜਾਬ ਵਿਚ ਹਿੰਦ-ਪਾਕਿ ਬਾਰਡਰ ‘ਤੇ ਸੁਰੱਖਿਆ ਨੂੰ ਲੈ ਕੇ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਨਾਲ ਹੀ ਪੰਜਾਬ ਵਿਚ ਖਾਲਿਸਤਾਨੀ ਕੱਟੜਪੰਥੀ ਮੁੱਖ ਤੌਰ ‘ਤੇ ਸਰਗਰਮ ਦੱਸਿਆ ਗਿਆ ਹੈ ਤੇ ਭਾਰਤੀ ਉਪ ਮਹਾਂਦੀਪ ਵਿਚ ਅਲਕਾਇਦਾ ਅਤੇ ਹੋਰ ਸਮੂਹਾਂ ਦੇ ਸਰਗਰਮ ਹੋਣ ਬਾਰੇ ਯੂ.ਕੇ. ਨਾਗਰਿਕ ਨੂੰ ਭਾਰਤ ਜਾਣ ਸਮੇਂ ਸੁਚੇਤ ਰਹਿਣ ਅਤੇ ਬਗੈਰ ਕੋਈ ਜ਼ਰੂਰ ਕੰਮ ਤੋਂ ਭਾਰਤ ਜਾਣ ਤੋਂ ਵਰਜਿਤ ਕੀਤਾ ਗਿਆ ਹੈ।