#EUROPE

ਯੂ.ਕੇ. ‘ਚ ਆਯੁਰਵੈਦਿਕ ਡਾਕਟਰਾਂ ਦੀ ਹੋਵੇਗੀ ਭਰਤੀ

– ਐੱਨ.ਐੱਚ.ਐੱਸ. ‘ਚ ਆਯੁਰਵੇਦ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ
-ਇਹ ਕਦਮ ਭਾਰਤੀ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੌਕੇ ਵੀ ਪ੍ਰਦਾਨ ਕਰੇਗਾ
ਲੰਡਨ, 25 ਨਵੰਬਰ (ਪੰਜਾਬ ਮੇਲ)- ਯੂ.ਕੇ. ਤੋਂ ਭਾਰਤੀ ਵਿਦਿਆਰਥੀਆਂ ਅਤੇ ਡਾਕਟਰਾਂ ਲਈ ਵੱਡੀ ਖ਼ਬਰ ਹੈ। ਇੱਥੇ ਆਯੁਰਵੈਦਿਕ ਦਵਾਈ ਤੇਜ਼ੀ ਨਾਲ ਲੋਕਪ੍ਰਿਅ ਹੁੰਦੀ ਜਾ ਰਹੀ ਹੈ। ਯੂ.ਕੇ. ਦੀ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਵਿਚ ਆਯੁਰਵੇਦ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਯੂ.ਕੇ. ਦੀ ਸਰਬ ਪਾਰਟੀ ਸੰਸਦੀ ਕਮੇਟੀ ਨੇ ਆਯੁਰਵੇਦ ਨੂੰ ਇੱਕ ਪ੍ਰਭਾਵਸ਼ਾਲੀ ਅਤੇ ਬਿਹਤਰ ਮੈਡੀਕਲ ਪ੍ਰਣਾਲੀ ਮੰਨਦੇ ਹੋਏ ਇਸ ਨੂੰ ਸਿਹਤ ਸੰਭਾਲ ਵਿਚ ਅਪਣਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਪਹਿਲਕਦਮੀ ਤਹਿਤ ਅਗਲੇ ਪੰਜ ਸਾਲਾਂ ਵਿਚ ਯੂ.ਕੇ. ਵਿਚ ਲਗਭਗ 10,000 ਆਯੁਰਵੈਦਿਕ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਇਹ ਭਾਰਤੀ ਆਯੁਰਵੈਦਿਕ ਡਾਕਟਰਾਂ ਲਈ ਇੱਕ ਵੱਡਾ ਮੌਕਾ ਸਾਬਤ ਹੋ ਸਕਦਾ ਹੈ। ਯੂ.ਕੇ. ਵਿਚ ਆਯੁਰਵੇਦ ਆਧਾਰਿਤ ਸੁੰਦਰਤਾ, ਵਿਦਿਅਕ ਅਤੇ ਸਿਹਤ ਸੇਵਾਵਾਂ ਸੰਸਥਾਵਾਂ ਦੀ ਗਿਣਤੀ ਵੀ ਅਗਲੇ ਪੰਜ ਸਾਲਾਂ ਵਿਚ 100 ਤੋਂ 500 ਤੱਕ ਵਧਣ ਦੀ ਸੰਭਾਵਨਾ ਹੈ।
ਆਯੁਰਵੈਦਿਕ ਡਾਕਟਰਾਂ ਦੀ ਭਰਤੀ ਲਈ ਭਾਰਤੀ ਡਿਗਰੀਆਂ ਨੂੰ ਮਾਨਤਾ ਦਿੱਤੀ ਜਾਵੇਗੀ, ਬਸ਼ਰਤੇ ਉਹ ਸਰਕਾਰੀ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਪ੍ਰਾਪਤ ਕੀਤੀਆਂ ਹੋਣ। ਯੂ.ਕੇ. ਵਿਚ ਹਰ 10 ਵਿਚੋਂ ਛੇ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ ਇੱਕ ਵਾਰ ਆਯੁਰਵੈਦਿਕ ਇਲਾਜ ਦਾ ਸਹਾਰਾ ਲਿਆ ਹੈ। ”ਆਯੁਰਵੇਦ ਸੈਂਟਰ ਫਾਰ ਐਕਸੀਲੈਂਸ” (ਏ.ਸੀ.ਈ.) ਦੀ ਰਿਪੋਰਟ ਅਨੁਸਾਰ ਪਿਛਲੇ ਇੱਕ ਸਾਲ ਵਿਚ ਆਯੁਰਵੇਦ ਨਾਲ ਸਬੰਧਤ ਗੂਗਲ ਸਰਚਜ਼ ਵਿਚ 380% ਦਾ ਵਾਧਾ ਹੋਇਆ ਹੈ। ਚਮੜੀ ਅਤੇ ਵਾਲਾਂ ਦੀ ਦੇਖਭਾਲ ਲਈ ਆਯੁਰਵੈਦਿਕ ਇਲਾਜ ਸਭ ਤੋਂ ਵੱਧ ਖੋਜੇ ਗਏ, ਜਦੋਂ ਕਿ ਢਿੱਡ ਨਾਲ ਸਬੰਧਤ ਬਿਮਾਰੀਆਂ ਤੀਜੇ ਸਥਾਨ ‘ਤੇ ਆਈਆਂ।
ਬ੍ਰਿਟਿਸ਼ ਕਾਲਜ ਫਾਰ ਆਯੁਰਵੇਦ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਇਸ ਸਾਲ 70% ਦਾ ਵਾਧਾ ਹੋਇਆ ਹੈ। ਇਨ੍ਹਾਂ ਵਿਚ ਬ੍ਰਿਟਿਸ਼ ਵਿਦਿਆਰਥੀਆਂ ਤੋਂ ਬਾਅਦ ਫਰਾਂਸ ਅਤੇ ਜਰਮਨੀ ਦੇ ਵਿਦਿਆਰਥੀ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਯੂ.ਕੇ. ਵਿਚ ਸਰਕਾਰੀ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਵੀ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਆਯੁਰਵੇਦ ਨੂੰ ਵਿਸ਼ਵ ਪੱਧਰ ‘ਤੇ ਹੋਰ ਮਾਨਤਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਇਹ ਰਸਮੀ ਤੌਰ ‘ਤੇ ਐੱਨ.ਐੱਚ.ਐੱਸ. ਦਾ ਹਿੱਸਾ ਬਣ ਜਾਂਦਾ ਹੈ। ਇਹ ਕਦਮ ਨਾ ਸਿਰਫ਼ ਵਿਸ਼ਵ ਪੱਧਰ ‘ਤੇ ਆਯੁਰਵੈਦਿਕ ਦਵਾਈ ਦੇ ਅਭਿਆਸ ਨੂੰ ਸਥਾਪਿਤ ਕਰੇਗਾ, ਸਗੋਂ ਭਾਰਤੀ ਡਾਕਟਰਾਂ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੌਕੇ ਵੀ ਪ੍ਰਦਾਨ ਕਰੇਗਾ।