ਐਰੀਜ਼ੋਨਾ (ਫੀਨਿਕਸ), 14 ਅਗਸਤ (ਪੰਜਾਬ ਮੇਲ)- ਮੈਕਸੀਕੋ ਤੋਂ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਦਾਖਲ ਹੋ ਰਹੇ ਲੋਕਾਂ ਨੂੰ ਰਸਤੇ ਵਿਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਰੀਜ਼ੋਨਾ ਦਾ ਪਥਰੀਲਾ ਰਸਤਾ ਪਾਰ ਕਰਨਾ ਬਹੁਤ ਮੁਸ਼ਕਿਲ ਦਾ ਕੰਮ ਹੈ। ਇਸ ਮਾਰੂਥਲ ਵਰਗੇ ਇਲਾਕੇ ਵਿਚ ਗਰਮੀ ਕਾਫੀ ਜ਼ਿਆਦਾ ਪੈਂਦੀ ਹੈ, ਜਿਸ ਕਰਕੇ ਪਿਛਲੇ ਦਿਨੀਂ ਇਥੋਂ ਲਾਂਘਾ ਪਾਰ ਕਰਨ ਵੇਲੇ ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਹਨ। ਮੈਡੀਕਲ ਜਾਂਚ ਕਰਤਾ ਦੀਆਂ ਟੀਮਾਂ ਅਨੁਸਾਰ ਇਹ ਲੋਕ ਵੱਧ ਗਰਮੀ ਪੈਣ ਕਾਰਨ ਮਾਰੇ ਜਾਂਦੇ ਹਨ। ਇਸ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਗੈਰ ਮੁਨਾਫਾ ਟੀਮਾਂ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਨੂੰ ਪਾਣੀ ਤੋਂ ਇਲਾਵਾ ਰਿਹਾਇਸ਼ ਅਤੇ ਹੋਰ ਸਹੂਲਤਾਂ ਵਾਲੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ।