ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)- ਸੱਜੇਪੱਖੀ ਗਰੁੱਪ ਪ੍ਰਾਊਡ ਬੁਆਇਜ਼ ਦੇ ਸਾਬਕਾ ਰਾਸ਼ਟਰੀ ਮੁਖੀ ਐਨਰਿਕ ਟਾਰੀਓ ਨੂੰ 2020 ਦੇ ਰਾਸ਼ਟਰਪਤੀ ਚੋਣ ‘ਚ ਡੋਨਾਲਡ ਟਰੰਪ ਦੇ ਹਾਰਨ ਤੋਂ ਬਾਅਦ ਯੂ.ਐੱਸ. ਕੈਪੀਟਲ (ਸੰਸਦ ਕੰਪਲੈਕਸ) ‘ਤੇ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ‘ਚ ਮੰਗਲਵਾਰ ਨੂੰ 22 ਸਾਲ ਕੈਦ ਸਜ਼ਾ ਸੁਣਾਈ ਗਈ ਹੈ। 6 ਜਨਵਰੀ ਨੂੰ ਯੂ.ਐੱਸ. ‘ਤੇ ਹਮਲੇ ‘ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਦਿੱਤੀ ਗਈ ਇਹ ਸਭ ਤੋਂ ਲੰਬੀ ਸਜ਼ਾ ਹੈ। ਜ਼ਿਲ੍ਹਾ ਜੱਜ ਟਿਮੋਥੀ ਕੇਲੀ ਨੇ ਕਿਹਾ, ”ਜੂਰੀ ਨੇ ਕਿਸੇ ਨੂੰ ਵੀ ਰਾਜਨੀਤੀ ‘ਚ ਸ਼ਾਮਲ ਹੋਣ ਲਈ ਦੋਸ਼ੀ ਨਹੀਂ ਠਹਿਰਾਇਆ, ਉਨ੍ਹਾਂ ਨੇ ਟਾਰੀਓ ਅਤੇ ਹੋਰ ਨੂੰ ਦੇਸ਼ਧ੍ਰੋਹੀ ਸਾਜਿਸ਼ ‘ਚ ਸ਼ਾਮਲ ਹੋਣ ਲਈ ਦੋਸ਼ੀ ਠਹਿਰਾਇਆ।”
ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਟਾਰੀਓ ਨੇ ਕੈਪੀਟਲ ਦੰਗੇ ਤੋਂ ਪੈਦਾ ਦਰਦ ਲਈ ਮੁਆਫ਼ੀ ਮੰਗੀ ਅਤੇ ਰਾਜਨੀਤੀ, ਸਮੂਹਾਂ ਜਾਂ ਰੈਲੀਆਂ ਨਾਲ ਕੋਈ ਲੈਣਾ-ਦੇਣਾ ਨਾ ਰੱਖਣ ਦੀ ਸਹੁੰ ਖਾਧੀ। ਉਸ ਨੇ ਕਿਹਾ, ”ਇਸ ਮੁਕੱਦਮੇ ਨੇ ਮੈਨੂੰ ਦਿਖਾਇਆ ਹੈ ਕਿ ਮੈਂ ਕਿੰਨਾ ਗਲਤ ਸੀ।” ਟਾਰੀਓ ਦੇ ਵਕੀਲ ਸਬਿਨੋ ਜੌਰੇਗੁਈ ਨੇ ਕਿਹਾ, ”ਮੇਰਾ ਮੁਵੱਕਿਲ ਇਕ ਗੁੰਮਰਾਹ ਦੇਸ਼ਭਗਤ ਹੈ। ਮੇਰਾ ਮੁਵੱਕਿਲ ਅਜਿਹਾ ਹੀ ਹੈ, ਉਸ ਨੇ ਸੋਚਿਆ ਕਿ ਉਹ ਇਸ ਦੇਸ਼ ਨੂੰ ਬਚਾ ਰਿਹਾ ਹੈ, ਇਸ ਗਣਤੰਤਰ ਨੂੰ ਬਚਾ ਰਿਹਾ ਹੈ।”