ਇਸਲਾਮਾਬਾਦ, 20 ਨਵੰਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ, ਇਥੋਂ ਤੱਕ ਕਿ ਪਾਕਿਸਤਾਨੀ ਮਸ਼ਹੂਰ ਹਸਤੀਆਂ ਅਤੇ ਕਾਰੋਬਾਰੀਆਂ ਨੂੰ ਵੀ ਯੂ.ਏ.ਈ. ਦੀ ਯਾਤਰਾ ਕਰਨ ਲਈ ਵੀਜ਼ਾ ਨਹੀਂ ਮਿਲ ਰਿਹਾ ਹੈ। ਯੂ.ਏ.ਈ. ‘ਚ ਪਾਕਿਸਤਾਨ ਦੇ ਰਾਜਦੂਤ ਫੈਸਲ ਨਿਆਜ਼ ਤਿਰਮਿਜ਼ੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਯੂ.ਏ.ਈ. ਵਿਚ ਪਾਕਿਸਤਾਨੀ ਦੂਤਘਰ ਨੇ ਆਪਣੇ ਐਕਸ ਅਕਾਊਂਟ ਤੋਂ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਪੋਸਟ ‘ਚ ਪਾਕਿਸਤਾਨ ਦੇ ਰਾਜਦੂਤ ਫੈਜ਼ਲ ਨਿਆਜ਼ ਤਿਰਮਿਜ਼ੀ ਕਹਿ ਰਹੇ ਹਨ ਕਿ ਪਾਕਿਸਤਾਨੀਆਂ ਨੂੰ ਵੀਜ਼ਾ ਨਾ ਮਿਲਣ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਉਹ ਵੀਜ਼ਾ ਲੈਣਾ ਚਾਹੁੰਦੇ ਹਨ, ਤਾਂ ਪਾਕਿਸਤਾਨੀਆਂ ਕੋਲ ਵਾਪਸੀ ਦੀਆਂ ਟਿਕਟਾਂ, ਹੋਟਲ ਬੁਕਿੰਗ ਅਤੇ 3000 ਦਿਰਹਮ ਵੀ ਹੋਣੇ ਚਾਹੀਦੇ ਹਨ। ਅਸੀਂ ਐੱਫ.ਆਈ.ਏ. ਨੂੰ ਇਹ ਵੀ ਕਿਹਾ ਹੈ ਕਿ ਜੋ ਲੋਕ ਤੁਹਾਨੂੰ ਚਿਹਰੇ ਤੋਂ ਨਜ਼ਰ ਆ ਰਹੇ ਹਨ ਕਿ ਇਨ੍ਹਾਂ ਕੋਲ ਨਾ ਵਰਕ ਵੀਜ਼ਾ ਹੈ ਅਤੇ ਉਹ ਸੈਰ-ਸਪਾਟੇ ਲਈ ਵੀ ਨਹੀਂ ਜਾ ਰਹੇ ਹਨ, ਸਗੋਂ ਕਿਸੇ ਹੋਰ ਮਕਸਦ ਲਈ ਜਾ ਰਹੇ ਹਨ। ਉਨ੍ਹਾਂ ਨੂੰ ਨਾ ਸਿਰਫ਼ ਰੋਕੋ, ਸਗੋਂ ਉਨ੍ਹਾਂ ‘ਤੇ ਪਾਬੰਦੀ ਵੀ ਲਗਾਓ।
ਅਮੀਰਾਤ ਸਰਕਾਰ ਦੁਆਰਾ ਪਾਕਿਸਤਾਨੀ ਦੂਤਘਰ ਨਾਲ ਸਾਂਝੇ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਕੁਝ ਪਾਕਿਸਤਾਨੀ ਨਾਗਰਿਕਾਂ ਦੇ ਵਿਵਹਾਰ ਦੀਆਂ ਸ਼ਿਕਾਇਤਾਂ ਦੇ ਬਾਅਦ ਕੈਬਨਿਟ ਦੀ ਬੈਠਕ ਵਿਚ ਵੀਜ਼ਾ ਪਾਬੰਦੀ ‘ਤੇ ਚਰਚਾ ਕੀਤੀ ਗਈ ਸੀ। ਇਨ੍ਹਾਂ ਸ਼ਿਕਾਇਤਾਂ ਵਿਚ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲੈਣਾ, ਯੂ.ਏ.ਈ. ਸਰਕਾਰ ਦੀਆਂ ਨੀਤੀਆਂ ਦੀ ਆਨਲਾਈਨ ਆਲੋਚਨਾ ਅਤੇ ਡਿਜੀਟਲ ਪਲੇਟਫਾਰਮਾਂ ਦੀ ਦੁਰਵਰਤੋਂ ਅਤੇ ਦੂਜੇ ਪ੍ਰਵਾਸੀ ਭਾਈਚਾਰਿਆਂ ਦੇ ਮੁਕਾਬਲੇ ਚੋਰੀ, ਧੋਖਾਧੜੀ, ਭੀਖ ਮੰਗਣ, ਵੇਸਵਾਗਮਨੀ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਸਮੇਤ ਹੋਰ ਅਪਰਾਧਿਕ ਗਤੀਵਿਧੀਆਂ ਵਿਚ ਪਾਕਿਸਤਾਨੀ ਨਾਗਰਿਕਾਂ ਦੀ ਵਧੇਰੇ ਸ਼ਮੂਲੀਅਤ ਸ਼ਾਮਲ ਹੈ। ਅਜਿਹੀਆਂ ਕਾਰਵਾਈਆਂ ਨੂੰ ਯੂ.ਏ.ਈ. ਦੇ ਅਕਸ ਲਈ ਨੁਕਸਾਨਦੇਹ ਵਜੋਂ ਦੇਖਿਆ ਗਿਆ, ਜਿਸ ਕਾਰਨ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ‘ਤੇ ਵੀਜ਼ਾ ਪਾਬੰਦੀ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ।