ਤੇਹਰਾਨ/ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਮੱਧ ਪੂਰਬ ਵਿਚ ਜਾਰੀ ਜੰਗ ਹੁਣ ਮਨੁੱਖੀ ਕਤਲੇਆਮ ਵਿਚ ਤਬਦੀਲ ਹੁੰਦੀ ਜਾ ਰਹੀ ਹੈ। ਈਰਾਨ ਦੀ ਇੱਕ ਸਰਕਾਰੀ ਏਜੰਸੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਏਜੰਸੀ ਮੁਤਾਬਕ ਜੰਗ ਵਿਚ ਹੁਣ ਤੱਕ ਘੱਟੋ-ਘੱਟ 1,230 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਪਿਛਲੇ ਕੁਝ ਘੰਟਿਆਂ ਵਿੱਚ ਇਹ ਅੰਕੜਾ 1,045 ਤੋਂ ਵਧ ਕੇ 1,230 ਤੱਕ ਪਹੁੰਚ ਗਿਆ ਹੈ, ਜੋ ਹਮਲਿਆਂ ਦੀ ਭਿਆਨਕਤਾ ਨੂੰ ਬਿਆਨ ਕਰਦਾ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਚਲਾਏ ਜਾ ਰਹੇ ‘ਆਪ੍ਰੇਸ਼ਨ ਐਪਿਕ ਫਿਊਰੀ’ ਤਹਿਤ ਈਰਾਨ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀ-2 ਬੰਬਰਾਂ ਅਤੇ ਏ.ਆਈ. ਤਕਨੀਕ ਨਾਲ ਲੈਸ ਆਤਮਘਾਤੀ ਡਰੋਨਾਂ ਨੇ ਈਰਾਨੀ ਟਿਕਾਣਿਆਂ ‘ਤੇ ਤਬਾਹੀ ਮਚਾਈ ਹੋਈ ਹੈ।
ਇਸ ਖ਼ੂਨੀ ਸੰਘਰਸ਼ ਕਾਰਨ ਜਿੱਥੇ ਈਰਾਨ ਵਿਚ ਮੌਤਾਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ, ਉੱਥੇ ਹੀ ਇਜ਼ਰਾਈਲ ਨੂੰ ਹਰ ਹਫ਼ਤੇ 3 ਅਰਬ ਡਾਲਰ ਦਾ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਆਪਣੀ ‘ਡੂਮਜ਼ਡੇ’ ਮਿਜ਼ਾਈਲ ਦਾ ਸਫਲ ਪਰੀਖਣ ਕਰਕੇ ਈਰਾਨੀ ਲੀਡਰਸ਼ਿਪ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ।
ਈਰਾਨੀ ਸੁਪਰੀਮ ਲੀਡਰ ਖ਼ਮੇਨੀ ਦੀ ਮੌਤ ਤੋਂ ਬਾਅਦ ਪੂਰੇ ਖੇਤਰ ਵਿਚ ਅਰਾਜਕਤਾ ਦਾ ਮਾਹੌਲ ਹੈ। ਚੀਨ ਨੇ ਵੀ ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਰੱਖਿਆ ਬਜਟ ਵਿਚ 10 ਫੀਸਦੀ ਦਾ ਵਾਧਾ ਕਰਕੇ ਉਸ ਨੂੰ 275 ਅਰਬ ਡਾਲਰ ਕਰ ਦਿੱਤਾ ਹੈ। ਦੂਜੇ ਪਾਸੇ, ਈਰਾਨ ਵੱਲੋਂ ਪਾਕਿਸਤਾਨ ਦੇ ਸਹਿਯੋਗੀ ਦੇਸ਼ਾਂ ‘ਤੇ ਕੀਤੇ ਗਏ ਡਰੋਨ ਹਮਲਿਆਂ ਨੇ ਇਸ ਜੰਗ ਵਿਚ ਨਵੇਂ ਦੇਸ਼ਾਂ ਦੇ ਸ਼ਾਮਲ ਹੋਣ ਦਾ ਖਤਰਾ ਵਧਾ ਦਿੱਤਾ ਹੈ। ਫਿਲਹਾਲ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਨੇ ਅਮਰੀਕਾ ਦੇ ਨਾਲ ਮਿਲ ਕੇ ਈਰਾਨੀ ਫੌਜੀ ਸਮਰੱਥਾ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਮੌਤਾਂ ਦਾ ਇਹ ਅੰਕੜਾ ਹੋਰ ਵੀ ਵਧਣ ਦੀ ਸੰਭਾਵਨਾ ਹੈ।
ਮੱਧ ਪੂਰਬ ਜੰਗ: ਈਰਾਨ ‘ਚ ਮਰਨ ਵਾਲਿਆਂ ਦੀ ਗਿਣਤੀ 1,200 ਤੋਂ ਪਾਰ

