#OTHERS

ਮੱਧ ਪੂਰਬ ‘ਚ ਜਾਰੀ ਜੰਗ ਦਰਮਿਆਨ ਈਰਾਨ ਨੇ 3 ਨਾਟੋ ਦੇਸ਼ਾਂ ‘ਤੇ ਕਰ ‘ਤਾ ਹਮਲਾ

ਤਹਿਰਾਨ, 13 ਮਾਰਚ (ਪੰਜਾਬ ਮੇਲ)- ਮੱਧ ਪੂਰਬ ‘ਚ ਜਾਰੀ ਜੰਗ ਦਰਮਿਆਨ ਪਿਛਲੇ 48 ਘੰਟਿਆਂ ਦੇ ਅੰਦਰ ਈਰਾਨ ਅਤੇ ਉਸਦੇ ਸਹਿਯੋਗੀ ਮਿਲੀਸ਼ੀਆ ਸਮੂਹਾਂ ਨੇ ਸਿੱਧੇ ਤੌਰ ‘ਤੇ ਤਿੰਨ ਨਾਟੋ ਮੈਂਬਰ ਦੇਸ਼ਾਂ—ਫਰਾਂਸ, ਇਟਲੀ ਅਤੇ ਤੁਰਕੀ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਹਮਲਿਆਂ ਨੇ ਨਾ ਸਿਰਫ਼ ਖੇਤਰੀ ਤਣਾਅ ਵਧਾ ਦਿੱਤਾ ਹੈ, ਸਗੋਂ ਨਾਟੋ ਦੇ ਇਸ ਜੰਗ ਵਿਚ ਸਿੱਧੇ ਤੌਰ ‘ਤੇ ਕੁੱਦਣ ਦੀ ਸੰਭਾਵਨਾ ਵੀ ਪੈਦਾ ਕਰ ਦਿੱਤੀ ਹੈ।
ਸਭ ਤੋਂ ਗੰਭੀਰ ਘਟਨਾ ਇਰਾਕ ਦੇ ਇਰਬਿਲ ਕੋਲ ਵਾਪਰੀ, ਜਿੱਥੇ ਈਰਾਨ ਸਮਰਥਿਤ ਮਿਲੀਸ਼ੀਆ ਦੇ ਡਰੋਨ ਹਮਲੇ ਵਿਚ ਫਰਾਂਸ ਦੇ ਇੱਕ ਫੌਜੀ ਅਧਿਕਾਰੀ, ਅਰਨੋ ਫਰੇਨ ਦੀ ਮੌਤ ਹੋ ਗਈ। ਇਸ ਹਮਲੇ ਵਿਚ 6 ਹੋਰ ਸੈਨਿਕ ਜ਼ਖ਼ਮੀ ਹੋਏ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅੱਤਵਾਦ ਵਿਰੁੱਧ ਲੜ ਰਹੇ ਸੈਨਿਕਾਂ ‘ਤੇ ਹਮਲਾ ਅਸਵੀਕਾਰਨਯੋਗ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬ ਦੇਣਾ ਪਵੇਗਾ।
ਇਰਬਿਲ ਵਿਚ ਹੀ ਇੱਕ ਹੋਰ ਫੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਇਟਲੀ ਦੇ ਸੈਨਿਕ ਤਾਇਨਾਤ ਸਨ। ਹਾਲਾਂਕਿ ਇਸ ਮਿਜ਼ਾਈਲ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨੇ ਨਾਟੋ ਫੌਜਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।
ਤੁਰਕੀ ਦੇ ਮਸ਼ਹੂਰ ਇੰਸਰਲਿਕ ਏਅਰ ਬੇਸ ‘ਤੇ ਈਰਾਨ ਵੱਲੋਂ ਮਿਜ਼ਾਈਲ ਦਾਗੀ ਗਈ। ਇਹ ਬੇਸ ਨਾਟੋ ਲਈ ਰਣਨੀਤਕ ਤੌਰ ‘ਤੇ ਬਹੁਤ ਮਹੱਤਵਪੂਰਨ ਹੈ। ਖ਼ੁਸ਼ਕਿਸਮਤੀ ਨਾਲ, ਨਾਟੋ ਦੇ ਹਵਾਈ ਰੱਖਿਆ ਸਿਸਟਮ ਨੇ ਮਿਜ਼ਾਈਲ ਨੂੰ ਹਵਾ ਵਿਚ ਹੀ ਰੋਕ ਦਿੱਤਾ, ਜਿਸ ਨਾਲ ਵੱਡਾ ਨੁਕਸਾਨ ਟਲ ਗਿਆ। ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਤੀਜੀ ਅਜਿਹੀ ਘਟਨਾ ਸੀ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪੂਰਬੀ ਮੈਡੀਟੇਰੀਅਨ ਵਿਚ ਤਾਇਨਾਤ ਨਾਟੋ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਮਿਜ਼ਾਈਲ ਨੂੰ ਨਸ਼ਟ ਕਰ ਦਿੱਤਾ ਗਿਆ। ਦੱਖਣੀ ਸ਼ਹਿਰ ਅਡਾਨਾ ਦੇ ਨਿਵਾਸੀਆਂ ਨੇ ਸ਼ੁੱਕਰਵਾਰ ਤੜਕੇ ਇੱਕ ਜ਼ੋਰਦਾਰ ਧਮਾਕਾ ਅਤੇ ਅਮਰੀਕੀ ਫੌਜਾਂ ਦੁਆਰਾ ਵਰਤੇ ਜਾਣ ਵਾਲੇ ਇੰਸਰਲਿਕ ਹਵਾਈ ਅੱਡੇ ‘ਤੇ ਸਾਇਰਨ ਦੀ ਆਵਾਜ਼ ਸੁਣੀ।
ਇਸੇ ਦੌਰਾਨ ਪੱਛਮੀ ਇਰਾਕ ਵਿਚ ਅਮਰੀਕੀ ਫੌਜ ਦਾ ਇੱਕ ਬੋਇੰਗ ਕੇ.ਸੀ.-135 ਸਟ੍ਰੈਟੋਟੈਂਕਰ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ 6 ਲੋਕਾਂ ਵਿਚੋਂ 4 ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਈਰਾਨ ਸਮਰਥਿਤ ਗੁਟਾਂ ਨੇ ਇਸ ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਸੀ, ਪਰ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਾਦਸਾ ਦੁਸ਼ਮਣ ਦੀ ਗੋਲੀਬਾਰੀ ਕਾਰਨ ਨਹੀਂ ਵਾਪਰਿਆ।