#AMERICA

ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਾਬਕਾ ਮੋਟਲ ਮੈਨੇਜਰ ਦੀ ਰਹਿਮ ਦੀ ਅਪੀਲ ਰੱਦ

ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਆਪਣੇ ਮਾਲਕ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 60 ਸਾਲਾ ਸਾਬਕਾ ਮੋਟਲ ਮੈਨੇਜਰ ਰਿਚਰਡ ਗਲੋਸਿਪ ਵੱਲੋਂ ਦਾਇਰ ਰਹਿਮ ਦੀ ਅਪੀਲ ਓਕਲਾਹੋਮਾ ਦੇ ‘ਪਾਰਡਨ ਐਂਡ ਪੈਰੋਲ ਬੋਰਡ’ ਨੇ ਰੱਦ ਕਰ ਦਿੱਤੀ ਹੈ। ਬੋਰਡ ਦੇ 5 ਮੈਂਬਰਾਂ ਵਿਚੋਂ 2 ਨੇ ਰਹਿਮ ਦੀ ਅਪੀਲ ਦੇ ਹੱਕ ਵਿਚ ਤੇ 2 ਨੇ ਅਪੀਲ ਵਿਰੁੱਧ ਵੋਟ ਪਾਈ, ਜਦਕਿ ਇਕ ਮੈਂਬਰ ਨੇ ਵੋਟ ਵਿਚ ਹਿੱਸਾ ਨਹੀਂ ਲਿਆ।  ਓਕਲਾਹੋਮਾ ਅਟਾਰਨੀ ਜਨਰਲ ਗੈਂਟਨਰ ਡਰੂਮੌਂਡ ਜਿਨ੍ਹਾਂ ਵੱਲੋਂ ਰਹਿਮ ਦੀ ਅਪੀਲ ਦਾ ਸਮਰਥਨ ਕੀਤਾ ਗਿਆ, ਵੀ ਬੋਰਡ ਦੀ ਮੀਟਿੰਗ ਵਿਚ ਹਾਜ਼ਰ ਸੀ। 3 ਘੰਟੇ ਚਲੀ ਸੁਣਵਾਈ ਦੌਰਾਨ ਬੋਰਡ ਨੇ ਡਰੂਮੌਂਡ, ਆਜ਼ਾਦ ਜਾਂਚਕਾਰਾਂ, ਗਲੋਸਿਪ ਦੇ ਵਕੀਲਾਂ ਤੇ ਖੁਦ ਗਲੋਸਿਪ ਦੇ ਪੱਖ ਨੂੰ ਸੁਣਿਆ। ਸੁਣਵਾਈ ਦੌਰਾਨ ਗਲੋਸਿਪ ਨੇ ਕਿਹਾ ਕਿ ਮੈ ਕਾਤਲ ਨਹੀਂ ਹਾਂ, ਮੈ ਮੌਤ ਦੀ ਸਜ਼ਾ ਦਾ ਹੱਕਦਾਰ ਨਹੀਂ ਹਾਂ। ਬਾਅਦ ਵਿਚ ਗਲੋਪਿਸ ਦੇ ਵਕੀਲਾਂ ਨੇ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਵਿਚ ਦਰਾਖਾਸਤ ਦਾਇਰ ਕੀਤੀ। ਗਲੋਪਿਸ ਨੂੰ 18 ਮਈ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਣਾ ਹੈ। ਇਸ ਤੋਂ ਪਹਿਲਾਂ 8 ਵਾਰ ਕਾਨੂੰਨੀ ਚਾਰਾਜੋਈ ਤੇ ਹੋਰ ਕਾਰਨਾਂ ਕਾਰਨ ਮੌਤ ਦੀ ਸਜ਼ਾ ਉਪਰ  ਅਮਲ ਨਹੀਂ ਹੋ ਸਕਿਆ।

Leave a comment