ਸੈਕਰਾਮੈਂਟੋ, 7 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਮਹੀਨੇ ਦੇ ਸ਼ੁਰੂ ‘ਚ ਅਮਰੀਕਾ ਦੇ ਮੋਨਟਾਨਾ ਰਾਜ ‘ਚ ਗਲੇਸ਼ੀਅਰ ਨੈਸ਼ਨਲ ਪਾਰਕ ਵਿਖੇ ਆਪਣੇ ਦੋਸਤਾਂ ਨਾਲ ਮੌਜ ਮਸਤੀ ਕਰਨ ਗਏ 26 ਸਾਲਾ ਭਾਰਤੀ ਸਿਧਾਂਤ ਵਿਠਲ ਪਾਟਿਲ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਕੈਲੀਫੋਰਨੀਆ ਵਾਸੀ ਪਾਟਿਲ ਆਪਣੇ 7 ਦੋਸਤਾਂ ਨਾਲ ਪਾਰਕ ‘ਚ ਲੰਬੀ ਸੈਰ ‘ਤੇ ਗਿਆ ਸੀ। ਉਹ ਇਕ ਪਹਾੜੀ ਉਪਰ ਖੜ੍ਹਾ ਸੀ ਕਿ ਅਚਾਨਕ ਡਾਵਾਂਡੋਲ ਹੋ ਕੇ ਡੂੰਘੀ ਖੱਡ ਨੁਮਾ ਨਦੀ ਵਿਚ ਜਾ ਡਿੱਗਾ। ਪਾਟਿਲ ਦੇ ਦੋਸਤਾਂ ਤੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਉਸ ਨੂੰ ਡਿੱਗਦਿਆਂ ਵੇਖਿਆ ਸੀ। ਉਨ੍ਹਾਂ ਨੇ ਹੇਠਾਂ ਜਾ ਕੇ ਪਾਣੀ ਵਿਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਗਲੇਸ਼ੀਅਰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਡੂੰਘੇ ਪਾਣੀ ਕਾਰਨ ਪਾਟਿਲ ਦੀ ਲਾਸ਼ ਲੱਭਣ ‘ਚ ਮੁਸ਼ਕਿਲ ਆ ਰਹੀ ਸੀ। ਪਰੰਤੂ ਅੰਤ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਹਨ। ਪਾਟਿਲ ਦੇ ਚਾਚਾ ਪ੍ਰਤੇਸ਼ ਚੌਧਰੀ ਨੇ ਕਿਹਾ ਹੈ ਕਿ ਯੂ.ਐੱਸ. ਰੇਂਜਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਠਲ ਦੀ ਲਾਸ਼ ਬਰਾਮਦ ਹੋਣ ਬਾਰੇ ਦੱਸਿਆ ਹੈ। ਉਨ੍ਹਾਂ ਨੇ ਰੇਂਜਰਾਂ ਦਾ ਧੰਨਵਾਦ ਕੀਤਾ ਹੈ। ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਪਾਟਿਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਪਾਟਿਲ ਦੀ ਲਾਸ਼ ਬਰਾਮਦ ਹੋਣ ਨਾਲ ਉਨ੍ਹਾਂ ਨੂੰ ਕੁਝ ਹੌਂਸਲਾ ਮਿਲੇਗਾ।