ਮੈਰੀਲੈਂਡ, 18 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਦੇ ਸੱਦੇ ‘ਤੇ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ, ਭਾਈ ਸਵਿੰਦਰ ਸਿੰਘ ਨੇ ਹਾਲ ਹੀ ਵਿਚ ਹੋਈ ਗਵਰਨਰ ਦੀ ਇੰਟਰਫੇਥ ਕੌਂਸਲ ਦੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਵੱਖ-ਵੱਖ ਧਰਮਾਂ ਦੇ ਆਗੂ ਭਾਈਚਾਰੇ ਨੂੰ ਦਰਪੇਸ਼ ਸਾਂਝੀਆਂ ਚੁਣੌਤੀਆਂ ਸੰਬੰਧੀ ਵਿਚਾਰ-ਵਟਾਂਦਰਾ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਏ। ਕੌਂਸਲ ਦੀ ਮੀਟਿੰਗ ਵਿਚ ਉਨ੍ਹਾਂ ਦੀ ਸ਼ਮੂਲੀਅਤ ਸਿੱਖ ਸਿਧਾਂਤਾਂ ‘ਸਮਾਨਤਾ, ਨਿਰਸਵਾਰਥ ਸੇਵਾ ਅਤੇ ਵਿਸ਼ਵਵਿਆਪੀ ਭਾਈਚਾਰੇ’ ਦਾ ਪ੍ਰਚਾਰ ਕਰਦੀ ਹੈ, ਜੋ ਕਿ ਇੰਟਰਫੇਥ ਕੌਂਸਲ ਦੇ ਏਕਤਾ ਅਤੇ ਸਾਂਝ ਨੂੰ ਮਜ਼ਬੂਤ ਕਰਨ ਦੇ ਮਿਸ਼ਨ ਨਾਲ ਮੇਲ ਖਾਂਦੀ ਹੈ। ਭਾਈ ਸਵਿੰਦਰ ਸਿੰਘ ਨੇ ਇਸ ਇੰਟਰਫੇਥ ਮੀਟਿੰਗ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆ ਕਿਹਾ ਕਿ ਅਜਿਹੀਆਂ ਬੈਠਕਾਂ ਆਪਸੀ ਸਮਝ ਨੂੰ ਵਿਕਸਿਤ ਕਰਦੀਆਂ ਹਨ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਸਾਂਝੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਨੇ ਗਵਰਨਰ ਵੱਲੋਂ ਵੱਖ-ਵੱਖ ਧਰਮਾਂ ਦੇ ਆਗੂਆਂ ਨੂੰ ਵਿਚਾਰ-ਵਟਾਂਦਰੇ ਅਤੇ ਸਹਿਯੋਗ ਲਈ ਇਕੱਠੇ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇੰਟਰਫੇਥ ਕੌਂਸਲ ਦੇ ਮੈਂਬਰ ਵਜੋਂ, ਭਾਈ ਸਵਿੰਦਰ ਸਿੰਘ ਨੇ ‘ਫੂਡ (ਖੁਰਾਕ) ਸੁਰੱਖਿਆ’ ਅਤੇ ‘ਇੰਟਰਫੇਥ ਕੌਂਸਲ ਰਿਲੇਸ਼ਨ’ ਕਮੇਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
ਮੈਰੀਲੈਂਡ ਦੇ ਗਵਰਨਰ ਦੀ ਇੰਟਰਫੇਥ ਕੌਂਸਲ ਮੀਟਿੰਗ ਵਿਚ ਭਾਈ ਸਵਿੰਦਰ ਸਿੰਘ ਵੱਲੋਂ ਸਿੱਖ ਭਾਈਚਾਰੇ ਦੀ ਨੁਮਾਇੰਦਗੀ
