-ਟਰੰਪ ਨੂੰ ਕੈਰੋਲ ਨੂੰ 5 ਮਿਲੀਅਨ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ
ਨਿਊਯਾਰਕ, 10 ਮਈ (ਪੰਜਾਬ ਮੇਲ)- ਮੈਨਹਟਨ ਦੀ ਇਕ ਜਿਊਰੀ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 1990 ਦੇ ਦਹਾਕੇ ਵਿਚ ਨਿਊਯਾਰਕ ਦੇ ਇਕ ਡਿਪਾਰਟਮੈਂਟ ਸਟੋਰ ਵਿਚ ਮੈਗਜ਼ੀਨ ਦੇ ਕਾਲਮਨਵੀਸ ਈ. ਜੀਨ ਕੈਰੋਲ ਦਾ ਜਿਨਸੀ ਸ਼ੋਸ਼ਣ ਕਰਨ ਤੇ ਉਸ ਨੂੰ ਬਦਨਾਮ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਵਿਰੁੱਧ ਕੈਰੋਲ ਵੱਲੋਂ ਲਗਾਏ ਗਏ ਬਲਾਤਕਾਰ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ।
ਛੇ ਪੁਰਸ਼ਾਂ ਅਤੇ ਤਿੰਨ ਔਰਤਾਂ ਦੀ ਜਿਊਰੀ ਨੇ ਮੰਗਲਵਾਰ ਨੂੰ ਤਕਰੀਬਨ ਤਿੰਨ ਘੰਟੇ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਟਰੰਪ ਨੂੰ ਕੈਰੋਲ ਨੂੰ 5 ਮਿਲੀਅਨ ਡਾਲਰ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਸਾਬਕਾ ਰਾਸ਼ਟਰਪਤੀ ਨੂੰ ਜਿਨਸੀ ਅਪਰਾਧੀ ਵਜੋਂ ਰਜਿਸਟਰ ਕਰਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਮੁਕੱਦਮਾ ਅਪਰਾਧਿਕ ਦੀ ਬਜਾਏ ਸਿਵਲ ਅਦਾਲਤ ਵਿਚ ਸੀ।
ਉੱਧਰ, ਡੋਨਾਲਡ ਟਰੰਪ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਤੇ ਮੈਨਹਟਨ ਸੰਘੀ ਅਦਾਲਤ ਵਿਚ ਦੋ ਹਫ਼ਤਿਆਂ ਦੇ ਸਿਵਲ ਮੁਕੱਦਮੇ ਵਿਚ ਸ਼ਾਮਲ ਨਹੀਂ ਸੀ ਹੋਏ। ਫ਼ੈਸਲੇ ਤੋਂ ਬਾਅਦ, ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ: ”ਮੈਨੂੰ ਬਿਲਕੁਲ ਨਹੀਂ ਪਤਾ ਕਿ ਇਹ ਔਰਤ ਕੌਣ ਹੈ… ਇਹ ਫੈਸਲਾ ਸ਼ਰਮਨਾਕ ਹੈ।”