#AMERICA

ਮੈਕਸੀਕੋ ਨੂੰ ਪਾਣੀ ਦੇਣਾ ਪਵੇਗਾ ਨਹੀਂ ਤਾਂ ਟੈਰਿਫ ਲਈ ਤਿਆਰ ਰਹੇ : ਟਰੰਪ

ਵਾਸ਼ਿੰਗਟਨ, 11 ਦਸੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਮੈਕਸੀਕੋ ਨੂੰ ਸੰਧੀ ਤਹਿਤ ਹੋਰ ਪਾਣੀ ਛੱਡਣਾ ਪਵੇਗਾ ਤੇ ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਦਰਾਮਦ ਉਪਰ 5 ਫੀਸਦੀ ਹੋਰ ਟੈਰਿਫ ਲਈ ਤਿਆਰ ਰਹੇ। ਟਰੰਪ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮੈਕਸੀਕੋ ਨੂੰ ਹਰ ਹਾਲਤ ਵਿਚ ਹੋਰ ਪਾਣੀ ਛੱਡਣਾ ਪਵੇਗਾ। 1944 ਦੀ ਸੰਧੀ ਅਨੁਸਾਰ ਮੈਕਸੀਕੋ ਨੂੰ ਰੀਓ ਗਰਾਂਡੇ ਦਰਿਆ ਤੋਂ 5 ਸਾਲਾਂ ਵਿਚ 1.75 ਮਿਲੀਅਨ ਏਕੜ ਫੁੱਟ ਪਾਣੀ ਛੱਡਣਾ ਜ਼ਰੂਰੀ ਹੁੰਦਾ ਹੈ। ਇਹ ਪਾਣੀ ਅੰਤਰ-ਸੰਪਰਕ ਡੈਮਾਂ ‘ਤੇ ਪਾਣੀ ਦੇ ਭੰਡਾਰਾਂ ਦੇ ਨੈੱਟਵਰਕ ਰਾਹੀਂ ਛੱਡਿਆ ਜਾਂਦਾ ਹੈ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਪਾਣੀ ਦੀ ਘਾਟ ਕਾਰਨ ਟੈਕਸਾਸ ਵਿਚ ਫਸਲਾਂ ਸੁੱਕ ਰਹੀਆਂ ਹਨ ਤੇ ਪਸ਼ੂਆਂ ਦੇ ਪੀਣ ਲਈ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਮੈਕਸੀਕੋ ਨੇ 8 ਲੱਖ ਏਕੜ ਫੁੱਟ ਪਾਣੀ ਘੱਟ ਛੱਡਿਆ ਹੈ, ਜਿਸ ਵਿਚੋਂ 2 ਲੱਖ ਏਕੜ ਪਾਣੀ 31 ਦਸੰਬਰ ਤੱਕ ਛੱਡਿਆ ਜਾਵੇ। ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹ ਪਾਣੀ ਛੱਡਣ ਵਿਚ ਦੇਰੀ ਕਰਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਵੇਗਾ, ਇਸ ਲਈ ਮੈਕਸੀਕੋ ਨੂੰ 5 ਫੀਸਦੀ ਟੈਰਿਫ ਲਾ ਕੇ ਜਵਾਬ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੰਧੀ ਤਹਿਤ ਮੈਕਸੀਕੋ ਨੂੰ ਪਾਣੀ ਛੱਡਣਾ ਹੀ ਪਵੇਗਾ।