#INDIA

ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ 6 ਜੂਨ ਤੱਕ ਤਿਹਾੜ ਜੇਲ੍ਹ ਭੇਜਿਆ

ਨਵੀਂ ਦਿੱਲੀ, 14 ਮਈ (ਪੰਜਾਬ ਮੇਲ)- ਦਿੱਲੀ ਦੀ ਅਦਾਲਤ ਨੇ 26/11 ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ 6 ਜੂਨ ਤੱਕ ਤਿਹਾੜ ਜੇਲ੍ਹ ‘ਚ ਭੇਜ ਦਿੱਤਾ ਹੈ। ਐੱਨ.ਆਈ.ਏ. ਦੀ ਹਿਰਾਸਤ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਜੱਜ ਚੰਦਰਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤੇ ਜਾਣ ਮਗਰੋਂ ਅਦਾਲਤ ਨੇ ਰਾਣਾ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਏਜੰਸੀ ਦੀ ਪਟੀਸ਼ਨ ‘ਤੇ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜਿਆ ਗਿਆ। 26/11 ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਡੇਵਿਡ ਕੋਲਮੈਨ ਹੈਡਲੀ ਉਰਫ਼ ਦਾਊਦ ਗਿਲਾਨੀ ਦੇ ਨੇੜਲੇ ਸਾਥੀ ਤੇ ਅਮਰੀਕੀ ਨਾਗਰਿਕ ਰਾਣਾ ਨੂੰ 4 ਅਪ੍ਰੈਲ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਭਾਰਤ ‘ਚ ਉਸ ਦੀ ਹਵਾਲਗੀ ਖ਼ਿਲਾਫ਼ ਸਮੀਖਿਆ ਪਟੀਸ਼ਨ ਖਾਰਜ ਕੀਤੇ ਜਾਣ ਮਗਰੋਂ ਭਾਰਤ ਲਿਆਂਦਾ ਗਿਆ ਸੀ। 11 ਅਪ੍ਰੈਲ ਨੂੰ ਅਦਾਲਤ ਨੇ ਉਸ ਨੂੰ 18 ਦਿਨਾਂ ਲਈ ਐੱਨ.ਆਈ.ਏ. ਦੀ ਹਿਰਾਸਤ ‘ਚ ਭੇਜ ਦਿੱਤਾ ਸੀ। 28 ਅਪ੍ਰੈਲ ਨੂੰ ਅਦਾਲਤ ਨੇ ਉਸ ਦੀ ਐੱਨ.ਆਈ.ਏ. ਹਿਰਾਸਤ ਹੋਰ 12 ਦਿਨ ਲਈ ਵਧਾ ਦਿੱਤੀ ਸੀ।