#PUNJAB

ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ

ਲੁਧਿਆਣਾ, 19 ਅਕਤੂਬਰ (ਪੰਜਾਬ ਮੇਲ)- ਸੀ.ਬੀ.ਆਈ. ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰੀ ਮਗਰੋਂ ਮੁਅੱਤਲ ਕੀਤੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖਿਲਾਫ਼ ਸਮਰਾਲਾ ਪੁਲਿਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਨੇ ਬੀਤੇ ਦਿਨੀਂ ਸਮਰਾਲਾ ਦੇ ਪਿੰਡ ਬੋਂਦਲੀ ਵਿਚਲੇ ਭੁੱਲਰ ਦੇ ਫਾਰਮ ਹਾਊਸ ‘ਤੇ ਮਾਰੇ ਛਾਪੇ ਦੌਰਾਨ ਉਥੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਸਨ। ਸਮਰਾਲਾ ਦੇ ਡੀ.ਐੱਸ.ਪੀ. ਤਰਲੋਚਨ ਸਿੰਘ ਨੇ ਪੁਲਿਸ ਵੱਲੋਂ ਸ਼ਨਿੱਚਰਵਾਰ ਨੂੰ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਸਮਰਾਲਾ ਪੁਲਿਸ ਥਾਣੇ ਵਿਚ ਸੀ.ਬੀ.ਆਈ. ਇੰਸਪੈਕਟਰ ਰੋਮੀਪਾਲ ਦੇ ਬਿਆਨਾਂ ‘ਤੇ ਦਰਜ ਐੱਫ.ਆਈ.ਆਰ. ਵਿਚ ਆਬਕਾਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਪੁਲਿਸ ਨੇ ਫਾਰਮ ਹਾਊਸ ‘ਤੇ ਛਾਪੇ ਦੌਰਾਨ ਸ਼ਰਾਬ ਦੀਆਂ 108 ਬੋਤਲਾਂ ਤੋਂ ਇਲਾਵਾ 17 ਗੋਲੀਆਂ ਵੀ ਬਰਾਮਦ ਕੀਤੀਆਂ ਸਨ। ਹਾਲਾਂਕਿ ਐੱਫ.ਆਈ.ਆਰ. ‘ਚ ਆਰਮਜ਼ ਐਕਟ ਤਹਿਤ ਦੋਸ਼ ਸ਼ਾਮਲ ਨਹੀਂ ਕੀਤੇ ਗਏ ਕਿਉਂਕਿ ਪੁਲਿਸ ਨੇ ਅਜੇ ਤਸਦੀਕ ਕਰਨੀ ਹੈ ਕਿ ਕੀ ਇਹ ਗੋਲੀਆਂ ਕਿਸੇ ਲਾਇਸੈਂਸਸ਼ੁਦਾ ਹਥਿਆਰ ਦੀਆਂ ਹਨ।
ਜਾਣਕਾਰੀ ਅਨੁਸਾਰ ਸੀ.ਬੀ.ਆਈ. ਨੇ ਬਰਾਮਦ ਸ਼ਰਾਬ ਸਮਰਾਲਾ ਪੁਲਿਸ ਦੀ ਮੌਜੂਦਗੀ ਵਿਚ ਆਬਕਾਰੀ ਇੰਸਪੈਕਟਰਾਂ ਵਿਜੈ ਕੁਮਾਰ ਤੇ ਮੇਜਰ ਸਿੰਘ ਦੇ ਹਵਾਲੇ ਕਰ ਦਿੱਤੀ ਹੈ।