ਜਲ ਸਰੋਤ ਮੰਤਰੀ ਨੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ
ਜੁਲਾਈ ਮਹੀਨੇ ਮੁਕਾਬਲੇ ਦੋ ਦਿਨਾਂ ਅੰਦਰ ਹੀ ਹੋਈ ਰਿਕਾਰਡ ਬਾਰਸ਼ ਕਾਰਨ ਪੈਦਾ ਹੋਈ ਸਥਿਤੀ
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਡੈਮਾਂ, ਦਰਿਆਵਾਂ ਤੇ ਨਹਿਰਾਂ ਦੀ ਸਥਿਤੀ ਉਤੇ ਨਿਰੰਤਰੀ ਰੱਖੀ ਜਾ ਰਹੀ ਹੈ ਨਜ਼ਰ: ਮੀਤ ਹੇਅਰ
ਚੰਡੀਗੜ੍ਹ, 21 ਜੁਲਾਈ (ਪੰਜਾਬ ਮੇਲ)- ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਪੰਜਾਬ ਤੇ ਪਹਾੜੀ ਇਲਾਕਿਆਂ ਵਿੱਚ ਰਿਕਾਰਡ ਤੋੜ ਬਾਰਸ਼ ਪੈਣ ਕਾਰਨ ਸੂਬੇ ਦੇ ਦਰਿਆਵਾਂ ਵਿੱਚ ਆਏ ਵਾਧੂ ਪਾਣੀ ਕਾਰਨ ਕਈ ਜ਼ਿਲਿਆਂ ਵਿੱਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਚੱਲ ਰਹੇ ਬਚਾਅ ਤੇ ਰਾਹਤ ਕਾਰਜਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਦੀ ਸਥਿਤੀ ਉਤੇ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਉਹ ਨਿਰੰਤਰ ਵਿਭਾਗ ਤੋਂ ਰਿਪੋਰਟ ਲੈ ਰਹੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਵਿਭਾਗ ਡੈਮਾਂ, ਦਰਿਆਵਾਂ, ਨਹਿਰਾਂ ਵਿੱਚ ਪਾਣੀ ਦੀ ਸਥਿਤੀ ਉਤੇ ਨਜ਼ਰ ਰੱਖ ਰਿਹਾ ਹੈ ਅਤੇ ਪਾੜ ਪੂਰਨ ਦੇ ਕੰਮ ਨੂੰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ ਨੇ ਮੌਜੂਦਾ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਚੱਲ ਰਹੇ ਕੰਮਾਂ ਦਾ ਬਿਊਰਾ ਦਿੱਤਾ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਪੈਦਾ ਹੋਈ ਸਥਿਤੀ ਦਾ ਕਾਰਨ 9 ਤੇ 10 ਜੁਲਾਈ ਨੂੰ ਪਈ ਮੋਹਲੇਧਾਰ ਬਾਰਸ਼ ਹੈ। ਉਨ੍ਹਾਂ ਅੰਕੜੇ ਦਿੰਦਿਆਂ ਦੱਸਿਆ ਕਿ ਰੋਪੜ ਵਿੱਚ ਆਮ ਸਮਿਆਂ ਵਿੱਚ ਜੁਲਾਈ ਮਹੀਨੇ ਕੁੱਲ ਔਸਤਨ 288 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ ਸਿਰਫ ਦੋ ਦਿਨਾਂ ਵਿੱਚ ਹੀ 377ਮਿਲੀਮੀਟਰ ਮੀਂਹ ਪਿਆ। ਇਸੇ ਤਰਾਂ ਮੁਹਾਲੀ ਵਿੱਚ ਜੁਲਾਈ ਮਹੀਨੇ ਕੁੱਲ ਔਸਤਨ 208.6 ਮਿਲੀਮੀਟਰ ਮੀਂਹ ਪੈਂਦਾ ਸੀ ਅਤੇ ਇਸ ਵਾਰ ਦੋ ਦਿਨਾਂ ਵਿੱਚ 266 ਮਿਲੀਮੀਟਰ ਪਿਆ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਜੁਲਾਈ ਮਹੀਨੇ 161.4ਮਿਲੀਮੀਟਰ ਬਾਰਸ਼ ਹੁੰਦੀ ਸੀ ਅਤੇ ਇਸ ਵਾਰ ਦੋ ਦਿਨਾਂ ਵਿੱਚ ਹੀ 83.4 ਮਿਲੀਮੀਟਰ ਬਾਰਸ਼ ਹੋਈ। ਪੰਜਾਬ ਦੇ ਦਰਿਆਵਾਂ ਵਿੱਚ ਆਏ ਵਾਧੂ ਪਾਣੀ ਪਿੱਛੇ ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਾਰਸ਼ ਵੀ ਮੁੱਖ ਕਾਰਨ ਹੈ। ਹਿਮਾਚਲ ਪ੍ਰਦੇਸ਼ ਵਿੱਚ ਔਸਤਨ ਜੁਲਾਈ ਮਹੀਨੇ 255.9 ਮਿਲੀਮੀਟਰ ਪੈਂਦਾ ਹੈ ਜਦੋਂ ਕਿ 9 ਤੇ 10 ਜੁਲਾਈ ਨੂੰ ਦੋ ਦਿਨਾਂ ਵਿੱਚ ਹੀ 195.8ਮਿਲੀਮੀਟਰ ਬਾਰਸ਼ ਹੋਈ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਹਰ ਘੰਟੇ ਬਾਅਦ ਸਾਰੇ ਡੈਮਾਂ, ਦਰਿਆਵਾਂ ਤੇ ਨਹਿਰਾਂ ਦੀ ਸਥਿਤੀ ਦੀ ਨਿਗ੍ਹਾਂ ਰੱਖੀ ਹੋਈ ਹੈ। ਉਨਾਂ ਦੱਸਿਆ ਕਿ ਅੱਜ ਸਵੇਰ ਦੀ ਰਿਪੋਰਟ ਅਨੁਸਾਰ ਭਾਖੜਾ ਡੈਮ ਵਿੱਚ ਇਸ ਵਾਲੇ ਪਾਣੀ ਦਾ ਪੱਧਰ 1648.12ਫੁੱਟ ਹੈ ਜਦੋਂ ਕਿ ਸਮਰੱਥਾ 1680 ਫੁੱਟ ਹੈ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1374 ਫੁੱਟ ਹੈ ਜਦੋਂ ਕਿ ਸਮਰੱਥਾ 1390 ਫੁੱਟ ਹੈ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1721.4 ਫੁੱਟ ਹੈ ਜਦੋਂ ਕਿ ਸਮਰੱਥਾ 1731.99 ਫੁੱਟ ਹੈ। ਪਹਾੜੀ ਇਲਾਕਿਆਂ ਵਿੱਚ ਹੋਈ ਮੋਹਲੇਧਾਰ ਬਾਰਸ਼ ਤੇ ਬਾਦਲ ਫੱਟਣ ਦੀਆਂ ਘਟਨਾਵਾਂ ਕਾਰਨ ਪਿਛਲੇ 11 ਦਿਨਾਂ ਵਿੱਚ ਤਿੰਨੇ ਡੈਮਾਂ ਵਿੱਚ ਪਾਣੀ ਦੇ ਪੱਧਰ ਦੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ 9ਜੁਲਾਈ ਤੋਂ 20 ਜੁਲਾਈ ਤੱਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 41.46 ਫੁੱਟ, ਪੌਂਗ ਡੈਮ ਵਿੱਚ 35.13 ਫੁੱਟ ਅਤੇ ਰਣਜੀਤ ਸਾਗਰ ਡੈਮ ਵਿੱਚ 33.9 ਫੁੱਟ ਵਧਿਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਸੀਜ਼ਨ ਦੌਰਾਨ ਭਾਖੜਾ ਡੈਮ ਤੋਂ ਇਕ ਵਾਰ ਵੀ ਫਲੱਡ ਗੇਟ ਨਹੀਂ ਖੋਲ੍ਹੇ ਗਏ। ਟਰਬਾਈਨਾਂ ਰਾਹੀਂ ਵੱਧ ਤੋਂ ਵੱਧ 35000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਕਿ ਬਿਜਲੀ ਪੈਦਾ ਕਰਨ ਲਈ ਲੋੜੀਂਦਾ ਤੇ ਜ਼ਰੂਰੀ ਹੈ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੂਬੇ ਵਿੱਚ ਦਰਿਆਵਾਂ ਉਤੇ ਵੱਖ-ਵੱਖ ਥਾਵਾਂ ਉਤੇ ਦਰਿਆਵਾਂ ਵਿੱਚ ਪਏ ਪਾੜ ਪੈਣ ਦੀਆਂ ਘਟਨਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਹ ਨਿਰਦੇਸ਼ ਦਿੱਤੇ ਗਏ ਕਿ ਪਾੜ ਪੂਰਨ ਦਾ ਕੰਮ ਜੰਗੀ ਪੱਧਰ ਉਤੇ ਕੀਤਾ ਜਾਵੇ। ਉਨਾਂ ਕਿਹਾ ਕਿ ਕਈ ਥਾਈਂ ਪੂਰੇ ਗਏ ਹਨ ਅਤੇ ਕੁਝ ਥਾਵਾਂ ਉਤੇ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਹੀ ਪਾੜ ਪੂਰਨ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇੰਨ੍ਹਾਂ ਥਾਵਾਂ ਉਤੇ ਪਾੜ ਪੂਰਨ ਦੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਪਹਿਲਾਂ ਹੀ ਖਾਲੀ ਬੋਰੀਆਂ ਭਰਨ ਦਾ ਕੰਮ ਵੱਡੇ ਪੱਧਰ ਉਤੇ ਕੀਤਾ ਗਿਆ ਹੈ ਤਾਂ ਜੋ ਪਾਣੀ ਘਟਣ ਉਤੇ ਪਾੜ ਤੁਰੰਤ ਪੂਰੇ ਜਾਣ।
ਮੀਤ ਹੇਅਰ ਨੇ ਦੱਸਿਆ ਕਿ ਸ਼ੁਰੂਆਤੀ ਅਨੁਮਾਨ ਅਨੁਸਾਰ ਹੜ੍ਹਾਂ ਕਾਰਨ ਵਿਭਾਗ ਨੂੰ 90ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਨੁਕਸਾਨ ਨਹਿਰਾਂ ਤੇ ਡਰੇਨਾਂ ਨੂੰ ਹੋਇਆ ਹੈ। ਮੀਟਿੰਗ ਵਿੱਚ ਚੀਫ ਇੰਜਨੀਅਰ (ਨਹਿਰਾਂ) ਐਨ.ਕੇ.ਜੈਨ ਤੇ ਚੀਫ ਇੰਜਨੀਅਰ (ਡਰੇਨੇਜ਼) ਹਰਦੀਪ ਸਿੰਘ ਮਹਿੰਦੀਰੱਤਾ ਵੀ ਹਾਜ਼ਰ ਸਨ।