#Featured

ਮਿੱਥਿਆ ਅੱਤਵਾਦੀ ਹਮਲਾ ਟਲ਼ਿਆ; ਹੁਸ਼ਿਆਰਪੁਰ ਤੋਂ ਚਾਰ ਬੀ.ਕੇ.ਆਈ. ਕਾਰਕੁੰਨ ਆਈ.ਈ.ਡੀ. ਅਤੇ ਦੋ ਪਿਸਤੌਲਾਂ ਸਮੇਤ ਕਾਬੂ

ਅਮਰੀਕਾ-ਅਧਾਰਤ ਬੀ.ਕੇ.ਆਈ. ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ ਗ੍ਰਿਫ਼ਤਾਰ ਕੀਤੇ ਵਿਅਕਤੀ: ਡੀ.ਜੀ.ਪੀ. ਗੌਰਵ ਯਾਦਵ
ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਹਥਿਆਰ ਪ੍ਰਾਪਤ ਕਰਨ ਅਤੇ ਲੌਜਿਸਟਿਕਸ  ਪ੍ਰਬੰਧਨ ਦਾ ਸੌਂਪਿਆ ਗਿਆ ਸੀ ਕੰਮ : ਐਸ.ਐਸ.ਪੀ.
ਹੁਸ਼ਿਆਰਪੁਰ, 25 ਜਨਵਰੀ  ( ਤਰਸੇਮ ਦੀਵਾਨਾ/ਪੰਜਾਬ ਮੇਲ)-  ਪਾਕਿਸਤਾਨ ਦੇ ਆਈ.ਐਸ.ਆਈ. ਸਮਰਥਿਤ ਅੱਤਵਾਦੀ ਨੈੱਟਵਰਕ ਵਿਰੁੱਧ ਵੱਡੀ ਸਫਲਤਾ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ (ਸੀ.ਆਈ.), ਜਲੰਧਰ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪਾਬੰਦੀਸ਼ੁਦਾ ਸੰਗਠਨ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਸਬੰਧਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਮਾਡਿਊਲ ਦੇ ਚਾਰ ਕਾਰਕੁੰਨਾਂ ਨੂੰ, ਲਗਭਗ 2.5 ਕਿਲੋ ਵਜ਼ਨ ਵਾਲੇ ਆਰ.ਡੀ.ਐਕਸ.-ਅਧਾਰਤ ਇਮਪ੍ਰੋਵਾਈਜ਼ਡ ਵਿਸਫੋਟਕ ਡਿਵਾਈਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।   ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਿਲਜੋਤ ਸਿੰਘ, ਹਰਮਨ ਸਿੰਘ ਉਰਫ਼ ਹੈਰੀ ਉਰਫ਼ ਹਰੀ, ਅਜੈ ਉਰਫ਼ ਮਹਿਰਾ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਕੰਡੋਲਾ ਵਜੋਂ ਹੋਈ ਹੈ, ਇਹ ਸਾਰੇ ਐਸ.ਬੀ.ਐਸ. ਨਗਰ ਦੇ ਰਾਹੋਂ ਦੇ ਰਹਿਣ ਵਾਲੇ ਹਨ। ਆਰਡੀਐਕਸ-ਅਧਾਰਤ ਆਈ.ਈ.ਡੀ. ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਮਾਡਿਊਲ ਅਮਰੀਕਾ-ਅਧਾਰਤ ਬੀ.ਕੇ.ਆਈ. ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤਾ ਗਿਆ ਆਈ.ਈ.ਡੀ. ਆਉਣ ਵਾਲੇ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਮਿੱਥ ਕੇ ਅੱਤਵਾਦੀ ਹਮਲਾ ਕਰਨ ਲਈ ਵਰਤਿਆ ਜਾਣਾ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅੱਗੇ ਅਤੇ ਪਿੱਛੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਆਪੇ੍ਰਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਹੁਸ਼ਿਆਰਪੁਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਸੰਦੀਪ ਮਲਿਕ ਨੇ ਕਿਹਾ ਕਿ  ਖੁਫੀਆ ਕਾਰਵਾਈ ਵਿੱਚ, ਹੁਸ਼ਿਆਰਪੁਰ ਪੁਲਿਸ ਅਤੇ ਸੀਆਈ ਜਲੰਧਰ ਦੀਆਂ ਟੀਮਾਂ ਨੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਆਰਡੀਐਕਸ-ਅਧਾਰਤ ਆਈਈਡੀ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ।

ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਪੁਲਿਸ ਥਾਣੇ ਵਿਖੇ ਬੀਐਨਐਸ ਦੀਆਂ ਧਾਰਾਵਾਂ 113(1) ਅਤੇ 113(3), ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(1ਬੀ)(ਏ) ਅਤੇ ਭਾਰਤੀ ਵਿਸਫੋਟਕ ਐਕਟ ਦੀਆਂ ਧਾਰਾਵਾਂ 4 ਅਤੇ 5 ਤਹਿਤ ਐਫਆਈਆਰ ਨੰਬਰ 11 ਮਿਤੀ 23/01/2026 ਦਰਜ ਕੀਤੀ ਗਈ ਹੈ।