* ਇਹ ਨਫਰਤੀ ਹੱਤਿਆ ਨਹੀਂ : ਪੁਲਿਸ ਮੁਖੀ
ਸੈਕਰਾਮੈਂਟੋ, 24 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਡੈਟਰਾਇਟ ਸ਼ਹਿਰ ਵਿਚ ਇਕ ਅਣਪਛਾਤੇ ਹਮਲਾਵਰ ਦੇ ਹਮਲੇ ‘ਚ ਮਾਰੀ ਗਈ ਯਹੂਦੀ ਨੇਤਾ ਸਮੰਥਾ ਵੌਲ ਜੋ ਡੈਟਰਾਇਟ ਸਿਨਾਗਾਗ ਬੋਰਡ ਦੀ ਪ੍ਰਧਾਨ ਸੀ, ਦੀਆਂ ਅੰਤਿਮ ਰਸਮਾਂ ਮੌਕੇ ਭਾਰੀ ਤਦਾਦ ਵਿਚ ਲੋਕ ਇਕੱਠੇ ਹੋਏ, ਜਿਥੇ ਵਿਛੜੀ ਆਗੂ ਨੂੰ ਸ਼ਰਧਾਂਜਲੀ ਦਿੱਤੀ ਗਈ। ਬੀਤੇ ਦਿਨ ਸਮੰਥਾ ਵੌਲ ਦੀ ਉਸ ਦੇ ਘਰ ਵਿਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਉਪਰ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਇਸੇ ਦੌਰਾਨ ਜਾਂਚਕਾਰਾਂ ਨੇ ਕਿਹਾ ਹੈ ਕਿ ਲੱਗਦਾ ਹੈ ਇਹ ਭਿਆਨਕ ਅਪਰਾਧ ਨਸਲੀ ਹਿੰਸਾ ਤੋਂ ਪ੍ਰੇਰਤ ਨਹੀਂ ਹੈ। ਪੁਲਿਸ ਮੁਖੀ ਜੇਮਜ ਵਾਈਟ ਨੇ ਕਿਹਾ ਹੈ ਕਿ ਸ਼ੁਰੂਆਤੀ ਸੰਕੇਤ ਤੋਂ ਪਤਾ ਲੱਗਦਾ ਹੈ ਕਿ ਇਹ ਹੱਤਿਆ ਨਫਰਤੀ ਅਪਰਾਧ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਂਚਕਾਰ ਐੱਫ.ਬੀ.ਆਈ. ਨਾਲ ਮਿਲ ਕੇ ਕੰਮ ਕਰ ਰਹੇ ਹਨ ਤੇ ਇਸ ਸਬੰਧੀ ਹੋਰ ਜਾਣਕਾਰੀ ਛੇਤੀ ਦਿੱਤੀ ਜਾਵੇਗੀ। ਇਥੇ ਜ਼ਿਕਰਯੋਗ ਹੈ ਕਿ 40 ਸਾਲਾ ਸਮੰਥਾ ਵੌਲ ਇਸਾਕ ਐਗਰੀ ਡਾਊਨਟਾਊਨ ਡੈਟਰਾਇਟ ਸਿਨਾਗਾਗ ਦੀ ਪ੍ਰਧਾਨ ਹੋਣ ਦਾ ਨਾਲ-ਨਾਲ ਸਥਾਨਕ, ਰਾਜ ਤੇ ਰਾਸ਼ਟਰੀ ਪੱਧਰ ‘ਤੇ ਰਾਜਨੀਤੀ ਵਿਚ ਸਰਗਰਮ ਸੀ।