#EUROPE

ਮਾਸਕੋ ‘ਚ ਅੱਤਵਾਦੀ ਹਮਲੇ ਕਾਰਨ 143 ਮੌਤਾਂ ਤੇ 145 ਜ਼ਖ਼ਮੀ

-ਇਸਲਾਮਿਕ ਸਟੇਟ ਨੇ ਜ਼ਿੰਮੇਦਾਰੀ ਲਈ
ਮਾਸਕੋ, 23 ਮਾਰਚ (ਪੰਜਾਬ ਮੇਲ)- ਰੂਸ ਦੀ ਰਾਜਧਾਨੀ ਮਾਸਕੋ ਵਿਚ ਸ਼ੁੱਕਰਵਾਰ ਨੂੰ ਵੱਡੇ ਸਮਾਗਮ ਵਾਲੀ ਥਾਂ ‘ਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 143 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ। ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾਵਰਾਂ ਦਾ ਕੀ ਹੋਇਆ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਹਮਲੇ ਸਬੰਧੀ 11 ਜਣਿਆਂ ਨੂੰ ਹਿਰਾਸਤ ‘ਚ ਲਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਸ ਘਟਨਾ ਦੀ ਸੂਚਨਾ ਹਮਲਾਵਰਾਂ ਦੇ ‘ਕ੍ਰੋਕਸ ਸਿਟੀ ਹਾਲ’ ‘ਤੇ ਹਮਲਾ ਕਰਨ ਤੋਂ ਕੁਝ ਮਿੰਟਾਂ ਬਾਅਦ ਦਿੱਤੀ ਗਈ। ਹਾਲ ਮਾਸਕੋ ਦੇ ਪੱਛਮੀ ਕਿਨਾਰੇ ਵਿਚ ਸਥਿਤ ਵਿਸ਼ਾਲ ਸੰਗੀਤ ਸਥਾਨ ਹੈ, ਜਿਸ ਵਿਚ 6,200 ਲੋਕ ਬੈਠ ਸਕਦੇ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮਸ਼ਹੂਰ ਰੂਸੀ ਰਾਕ ਬੈਂਡ ‘ਪਿਕਨਿਕ’ ਦੇ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਕ੍ਰੋਕਸ ਸਿਟੀ ਹਾਲ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ।