#EUROPE

ਮਾਸਕੋ ਕੰਸਰਟ ‘ਚ ਹੋਏ ਅੱਤਵਾਦੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 140 ਹੋਈ

-11 ਲੋਕਾਂ ਨੂੰ ਲਿਆ ਹਿਰਾਸਤ ‘ਚ
-ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ
ਮਾਸਕੋ, 23 ਮਾਰਚ (ਪੰਜਾਬ ਮੇਲ)- ਰੂਸ ਦੀ ਰਾਜਧਾਨੀ ਮਾਸਕੋ ਵਿਚ ਸ਼ੁੱਕਰਵਾਰ ਨੂੰ ਹਮਲਾਵਰਾਂ ਨੇ ਇੱਕ ਵੱਡੇ ਸਮਾਗਮ ਵਾਲੀ ਥਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 3 ਬੱਚਿਆਂ ਸਮੇਤ 140 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਤੋਂ ਬਾਅਦ 11 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ। ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਦੇ ਅਨੁਸਾਰ, ਸੰਘੀ ਸੁਰੱਖਿਆ ਸੇਵਾ ਦੇ ਮੁਖੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ 11 ਵਿੱਚੋਂ ਚਾਰ ਹਮਲੇ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸਨ।
ਕੁਝ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਵਿਚ ਹੋਈਆਂ ਚੋਣਾਂ ਜਿੱਤ ਕੇ ਸੱਤਾ ‘ਤੇ ਆਪਣੀ ਪਕੜ ਹੋਰ ਮਜ਼ਬੂਤ ??ਕੀਤੀ ਸੀ। ਇਸਲਾਮਿਕ ਸਟੇਟ ਸਮੂਹ ਨੇ ਸੋਸ਼ਲ ਮੀਡੀਆ ‘ਤੇ ਸੰਬੰਧਿਤ ਚੈਨਲਾਂ ‘ਤੇ ਸਾਂਝੇ ਕੀਤੇ ਗਏ ਇਕ ਬਿਆਨ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸਲਾਮਿਕ ਸਟੇਟ ਸਮੂਹ ਨੇ ਆਪਣੀ ਅਮਾਕ ਨਿਊਜ਼ ਏਜੰਸੀ ਦੁਆਰਾ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਮਾਸਕੋ ਦੇ ਬਾਹਰਵਾਰ ਕ੍ਰਾਸਨੋਗੋਰਸਕ ਵਿੱਚ ‘ਈਸਾਈਆਂ’ ਦੇ ਇੱਕ ਵੱਡੇ ਇਕੱਠ ‘ਤੇ ਹਮਲਾ ਕੀਤਾ, ਜਿਸ ਵਿਤ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਫਿਲਹਾਲ ਦਾਅਵੇ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਅਮਰੀਕੀ ਖੁਫੀਆ ਏਜੰਸੀ ਦੇ ਇਕ ਅਧਿਕਾਰੀ ਨੇ ‘ਦ ਐਸੋਸੀਏਟਡ ਪ੍ਰੈਸ’ ਨੂੰ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀ ਨੂੰ ਪਤਾ ਲੱਗਾ ਸੀ ਕਿ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਸਮੂਹ ਦੀ ਸ਼ਾਖਾ ਮਾਸਕੋ ਵਿਚ ਹਮਲੇ ਦੀ ਯੋਜਨਾ ਬਣਾ ਰਹੀ ਹੈ ਅਤੇ ਉਸ ਨੇ ਰੂਸੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਪਿਛਲੇ ਦੋ ਦਹਾਕਿਆਂ ‘ਚ ਰੂਸ ‘ਚ ਇਹ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਦੇਸ਼ ਦੀ ਯੂਕਰੇਨ ਨਾਲ ਜੰਗ ਤੀਜੇ ਸਾਲ ਵੀ ਜਾਰੀ ਹੈ।
ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਇਸ ਹਮਲੇ ਨੂੰ ‘ਵੱਡੀ ਤ੍ਰਾਸਦੀ’ ਕਰਾਰ ਦਿੱਤਾ ਹੈ। ਰੂਸੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਕ੍ਰੇਮਲਿਨ ਨੇ ਕਿਹਾ ਕਿ ਪੁਤਿਨ ਨੂੰ ਇਸ ਦੀ ਸੂਚਨਾ ਹਮਲਾਵਰਾਂ ਦੇ ‘ਕ੍ਰੋਕਸ ਸਿਟੀ ਹਾਲ’ ‘ਤੇ ਹਮਲਾ ਕਰਨ ਤੋਂ ਕੁਝ ਮਿੰਟਾਂ ਬਾਅਦ ਦਿੱਤੀ ਗਈ। ਹਾਲ ਮਾਸਕੋ ਦੇ ਪੱਛਮੀ ਕਿਨਾਰੇ ਵਿਚ ਸਥਿਤ ਇੱਕ ਵਿਸ਼ਾਲ ਸੰਗੀਤ ਸਥਾਨ ਹੈ, ਜਿਸ ਵਿਚ 6,200 ਲੋਕ ਬੈਠ ਸਕਦੇ ਹਨ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਮਸ਼ਹੂਰ ਰੂਸੀ ਰਾਕ ਬੈਂਡ ‘ਪਿਕਨਿਕ’ ਦੇ ਇਕ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਕ੍ਰੋਕਸ ਸਿਟੀ ਹਾਲ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਲੜਾਕੂ ਪੋਸ਼ਾਕ ਪਹਿਨੇ ਕਈ ਵਿਅਕਤੀ ਸਮਾਰੋਹ ਸਥਾਨ ਵਿਚ ਦਾਖਲ ਹੋਏ ਅਤੇ ਉੱਥੇ ਮੌਜੂਦ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰੂਸੀ ਮੀਡੀਆ ਚੈਨਲਾਂ ਦੁਆਰਾ ਪੋਸਟ ਕੀਤੇ ਗਏ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਹਮਲਾਵਰ ਅਸਾਲਟ ਰਾਈਫਲਾਂ ਨਾਲ ਲੋਕਾਂ ਨੂੰ ਨੇੜਿਓਂ ਗੋਲੀਆਂ ਮਾਰਦੇ ਦਿਖਾਈ ਦਿੱਤੇ।