ਟੋਰਾਂਟੋ, 11 ਮਾਰਚ (ਪੰਜਾਬ ਮੇਲ)- ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਮਗਰੋਂ ਮਾਰਕ ਕਾਰਨੇ ਨੂੰ ਘਰੇਲੂ ਤੇ ਕੌਮਾਂਤਰੀ ਪੱਧਰ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਾਰਨੇ ਦਾ ਤੁਰੰਤ ਧਿਆਨ ਘਰੇਲੂ ਮੁੱਦਿਆਂ ‘ਤੇ ਹੋਵੇਗਾ ਪਰ ਕੀ ਉਨ੍ਹਾਂ ਦੇ ਆਉਣ ਅਤੇ ਜਸਟਿਨ ਟਰੂਡੋ ਦੇ ਜਾਣ ਮਗਰੋਂ ਭਾਰਤ ਨਾਲ ਕੈਨੇਡਾ ਦੇ ਤਣਾਅਪੂਰਨ ਸਬੰਧਾਂ ਵਿਚ ਸੁਧਾਰ ਹੋਵੇਗਾ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। ਕਾਰਨੇ ਦੀਆਂ ਨੀਤੀਆਂ ‘ਤੇ ਭਾਰਤ ਦੀ ਨੇੜਿਓਂ ਨਜ਼ਰ ਰਹੇਗੀ। ਕਾਰਨੇ ਅਜਿਹੇ ਸਮੇਂ ਦੇਸ਼ ਦੀ ਅਗਵਾਈ ਕਰਨਗੇ, ਜਦੋਂ ਕੈਨੇਡਾ-ਭਾਰਤ ਰਿਸ਼ਤੇ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਹਨ। ਇਸ ਦਾ ਮੁੱਖ ਕਾਰਨ ਕੈਨੇਡਾ ਵਿਚ ਖਾਲਿਸਤਾਨ ਲਹਿਰ ਮੰਨਿਆ ਜਾ ਸਕਦਾ ਹੈ। ਭਾਰਤ ਨਾਲ ਕੈਨੇਡਾ ਦੇ ਰਿਸ਼ਤੇ 2023 ਵਿਚ ਉਸ ਵੇਲੇ ਹੇਠਲੇ ਪੱਧਰ ‘ਤੇ ਪਹੁੰਚ ਗਏ ਸਨ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਇਸ ਨਾਲ ਵੱਡਾ ਕੂਟਨੀਤਕ ਟਕਰਾਅ ਪੈਦਾ ਹੋ ਗਿਆ ਸੀ ਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਆਪੋ-ਆਪਣੇ ਦੇਸ਼ਾਂ ‘ਚੋਂ ਬਾਹਰ ਕੱਢ ਦਿੱਤਾ ਸੀ। ਕਾਰਨੇ ਨੇ ਖਾਲਿਸਤਾਨ ਦੇ ਮੁੱਦੇ ‘ਤੇ ਜਨਤਕ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਇਹ ਦੇਖਣਾ ਬਾਕੀ ਹੈ ਕਿ ਉਹ ਇਸ ਮੁੱਦੇ ‘ਤੇ ਕਿਹੋ ਜਿਹੀ ਪਹੁੰਚ ਅਪਣਾਉਂਦੇ ਹਨ। ਉਨ੍ਹਾਂ ਦੀ ਅਸਲ ਚੁਣੌਤੀ ਖਾਲਿਸਤਾਨੀ ਹਮਦਰਦਾਂ ਨਾਲ ਨਜਿੱਠਣ ਦੀ ਹੋਵੇਗੀ, ਜੋ ਲਿਬਰਲ ਪਾਰਟੀ ਵਿਚ ਵੱਡੀ ਗਿਣਤੀ ‘ਚ ਮੌਜੂਦ ਹਨ। ਆਉਂਦੇ ਦਿਨਾਂ ‘ਚ ਭਾਰਤ ਇਸ ਗੱਲ ‘ਤੇ ਨਜ਼ਰ ਰੱਖੇਗਾ ਕਿ ਕੀ ਕਾਰਨੇ ਕੈਨੇਡਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਵਿਰੁੱਧ ਸਖ਼ਤ ਰੁਖ ਅਪਣਾਉਂਦੇ ਹਨ ਜਾਂ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰ ਇਕ ਅਜਿਹਾ ਖੇਤਰ ਹੈ, ਜਿਸ ਵਿਚ ਕਾਰਨੇ ਦੀ ਅਗਵਾਈ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੈਨੇਡਾ ਦੀਆਂ ਇਮੀਗ੍ਰੇਸ਼ਨ ਤੇ ਸਿੱਖਿਆ ਨੀਤੀਆਂ ‘ਤੇ ਵੀ ਭਾਰਤੀਆਂ ਦੀ ਨਜ਼ਰ ਹੋਵੇਗੀ। ਕੈਨੇਡਾ ‘ਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀਆਂ ‘ਚੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਪਰ ਵਿਦਿਆਰਥੀ ਪਰਮਿਟਾਂ ‘ਤੇ ਹਾਲ ਹੀ ਵਿਚ ਲਾਈਆਂ ਪਾਬੰਦੀਆਂ ਅਤੇ ਵਰਕ ਪਰਮਿਟ ਜਾਰੀ ਕਰਨ ਦੇ ਨਿਯਮਾਂ ਵਿਚ ਹੋਰ ਤਬਦੀਲੀਆਂ ਨੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾ ਦਿੱਤਾ ਹੈ। ਇਨ੍ਹਾਂ ਮੁੱਦਿਆਂ ‘ਤੇ ਵੀ ਕਾਰਨੇ ਦਾ ਰੁਖ ਹਾਲੇ ਸਪੱਸ਼ਟ ਨਹੀਂ ਹੈ।