ਬਠਿੰਡਾ, 26 ਫਰਵਰੀ (ਪੰਜਾਬ ਮੇਲ)-ਕਿਸਾਨ ਔਰਤਾਂ ਖ਼ਿਲਾਫ਼ ਵਿਵਾਦਿਤ ਟਿੱਪਣੀ ਕਰਨ ਸਬੰਧੀ ਮਾਣਹਾਨੀ ਕੇਸ ਦਾ ਸਾਹਮਣਾ ਕਰ ਰਹੀ ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਦੇ ਮਾਮਲੇ ਦੀ ਬੁੱਧਵਾਰ ਨੂੰ ਬਠਿੰਡਾ ਦੀ ਅਦਾਲਤ ਵਿਚ ਸੁਣਵਾਈ ਸੀ ਪਰ ਵਕੀਲਾਂ ਦੀ ਚੱਲ ਰਹੀ ਹੜਤਾਲ ਕਾਰਨ ਸੁਣਵਾਈ ਨਹੀਂ ਹੋ ਸਕੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਰੱਖੀ ਗਈ ਹੈ। ਕੰਗਣਾ ਵਿਰੁੱਧ ਕੇਸ ਦਰਜ ਕਰਵਾਉਣ ਵਾਲੀ ਮਾਤਾ ਮਹਿੰਦਰ ਕੌਰ ਵਾਸੀ ਬਹਾਦਰਗੜ੍ਹ ਜੰਡੀਆਂ (ਬਠਿੰਡਾ) ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਉਕਤ ਮਾਮਲੇ ‘ਚ ਬੇਸ਼ੱਕ ਕੰਗਣਾ ਨੂੰ ਨਿੱਜੀ ਪੇਸ਼ੀ ਤੋਂ ਪਹਿਲਾਂ ਹੀ ਛੋਟ ਮਿਲੀ ਹੋਈ ਹੈ ਪਰ ਬੁੱਧਵਾਰ ਨੂੰ ਵਕੀਲਾਂ ਦੀ ਹੜਤਾਲ ਕਾਰਨ ਉਕਤ ਮਾਮਲੇ ਦੀ ਰੱਖੀ ਸੁਣਵਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਅਗਲੀ 10 ਮਾਰਚ ਦੀ ਪੇਸ਼ੀ ਮੌਕੇ ਕੰਗਣਾ ਦਾ ਪਾਸਪੋਰਟ ਜ਼ਬਤ ਕਰਨ ਸਬੰਧੀ ਦਾਖਲ ਅਰਜ਼ੀ ‘ਤੇ ਸੁਣਵਾਈ ਹੋਵੇਗੀ ਅਤੇ ਉਨ੍ਹਾਂ ਵਿਰੁੱਧ ਸਾਡੇ ਵੱਲੋਂ ਭੁਗਤਾਏ ਜਾਣ ਵਾਲੇ ਦੋ ਗਵਾਹਾਂ ਸੁਰਜੀਤ ਸਿੰਘ ਫੂਲ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਜਸਵੀਰ ਸਿੰਘ ਬਹਾਦਰਗੜ੍ਹ ਜੰਡੀਆਂ ਦੇ ਆਹਮੋ-ਸਾਹਮਣੇ ਸਵਾਲ-ਜਵਾਬ ਦਰਜ ਕਰਵਾਏ ਜਾਣਗੇ।
ਮਾਣਹਾਨੀ ਕੇਸ : ਕੰਗਣਾ ਰਣੌਤ ਵਿਰੁੱਧ ਅਗਲੀ ਸੁਣਵਾਈ 10 ਮਾਰਚ ਨੂੰ

