ਲਖਨਊ, 29 ਜੁਲਾਈ (ਪੰਜਾਬ ਮੇਲ)- ਦਿੱਲੀ ਦੀ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਰਾਮ ਜਨਮਭੂਮੀ-ਬਾਬਰੀ ਮਸਜਿਦ ਕੇਸ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਫ਼ੈਸਲੇ ਮਗਰੋਂ ਅਯੁੱਧਿਆ ਵਿਚ ਮਸਜਿਦ ਦੀ ਉਸਾਰੀ ਲਈ ਨਿਰਧਾਰਤ ਕੀਤੀ ਗਈ ਜ਼ਮੀਨ ਉਸ ਦੇ ਪਰਿਵਾਰ ਦੀ ਹੈ। ਉਸ ਨੇ ਕਿਹਾ ਕਿ ਉਹ ਇਸ ਦਾ ਕਬਜ਼ਾ ਲੈਣ ਲਈ ਸੁਪਰੀਮ ਕੋਰਟ ਦਾ ਰੁਖ਼ ਕਰੇਗੀ। ਹਾਲਾਂਕਿ, ਰਾਣੀ ਪੰਜਾਬੀ ਨਾਮੀਂ ਇਸ ਮਹਿਲਾ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਦੇ ਮੁਖੀ ਜ਼ੁਫਰ ਫਾਰੂਕੀ ਨੇ ਰੱਦ ਕਰਦਿਆਂ ਕਿਹਾ ਕਿ ਉਸਦੇ ਦਾਅਵਿਆਂ ਨੂੰ ਅਲਾਹਾਬਾਦ ਹਾਈ ਕੋਰਟ ਸਾਲ 2021 ਵਿਚ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਸੁੰਨੀ ਸੈਂਟਰਲ ਵਕਫ਼ ਬੋਰਡ ਦੇ ਮੁਖੀ ਸ਼੍ਰੀ ਫਾਰੂਕੀ ਨੇ ਕਿਹਾ ਕਿ ਮਸਜਿਦ ਦੀ ਉਸਾਰੀ ਸਮੇਤ ਸਾਰੇ ਪ੍ਰਾਜੈਕਟ ‘ਤੇ ਕੰਮ ਇਸ ਵਰ੍ਹੇ ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ।
ਦੂਜੇ ਪਾਸੇ, ਦਿੱਲੀ ਦੀ ਵਸਨੀਕ ਰਾਣੀ ਪੰਜਾਬੀ ਦਾ ਦਾਅਵਾ ਹੈ ਕਿ ਅਯੁੱਧਿਆ ਦੇ ਧਨੀਪੁਰ ਪਿੰਡ ਵਿਚ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਸੁੰਨੀ ਸੈਂਟਰਲ ਵਕਫ਼ ਬੋਰਡ ਨੂੰ ਦਿੱਤੀ ਗਈ ਪੰਜ ਏਕੜ ਜ਼ਮੀਨ, ਉਨ੍ਹਾਂ ਦੇ ਪਰਿਵਾਰ ਦੀ ਮਲਕੀਅਤ ਕੁੱਲ 28.35 ਏਕੜ ਜ਼ਮੀਨ ਦਾ ਹਿੱਸਾ ਹੈ। ਉਨ੍ਹਾਂ ਏਜੰਸੀ ਨੂੰ ਦੱਸਿਆ ਕਿ ਉਸ ਕੋਲ ਜ਼ਮੀਨ ਦੀ ਮਲਕੀਅਤ ਸਬੰਧੀ ਸਾਰੇ ਕਾਗਜ਼ਾਤ ਮੌਜੂਦ ਹਨ ਤੇ ਉਹ ਇਸ ‘ਤੇ ਕਬਜ਼ਾ ਲੈਣ ਲਈ ਸੁਪਰੀਮ ਕੋਰਟ ਜਾਣਗੇ। ਰਾਣੀ ਪੰਜਾਬੀ ਮੁਤਾਬਕ ਉਨ੍ਹਾਂ ਦੇ ਪਿਤਾ ਗਿਆਨ ਚੰਦ ਪੰਜਾਬੀ ਨੂੰ ਮੁਲਕ ਦੀ ਵੰਡ ਸਮੇਂ ਪਾਕਿਸਤਾਨ ਵਾਲੇ ਪੰਜਾਬ ਨੂੰ ਛੱਡਣਾ ਪਿਆ ਸੀ ਤੇ ਉਹ ਫੈਜ਼ਾਬਾਦ (ਹੁਣ ਜ਼ਿਲ੍ਹਾ ਅਯੁੱਧਿਆ) ਆ ਗਏ ਸਨ, ਜਿੱਥੇ ਉਨ੍ਹਾਂ ਨੂੰ ਪਿੱਛੇ ਰਹਿ ਗਈ ਜ਼ਮੀਨ ਬਦਲੇ ਇੱਥੇ 28.35 ਏਕੜ ਜ਼ਮੀਨ ਮਿਲੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਵੱਲੋਂ ਸਾਲ 1983 ਤੱਕ ਖੇਤੀਬਾੜੀ ਲਈ ਇਸ ਜ਼ਮੀਨ ਦੀ ਵਰਤੋਂ ਕੀਤੀ ਜਾਂਦੀ ਰਹੀ ਸੀ, ਪਰ ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਇਲਾਜ ਲਈ ਉਹ ਦਿੱਲੀ ਆ ਗਏ ਤੇ ਉਦੋਂ ਤੋਂ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਸ ਨੇ ਕਿਹਾ ਕਿ ਉਸ ਨੂੰ ਮਸਜਿਦ ਦੀ ਉਸਾਰੀ ਸਬੰਧੀ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਚਾਹੁੰਦੀ ਹੈ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਇਨਸਾਫ਼ ਕਰੇ।