#PUNJAB

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰਿਆ

ਚੰਡੀਗੜ੍ਹ, 8 ਅਕਤੂਬਰ (ਪੰਜਾਬ ਮੇਲ)- ਪੰਜਾਬੀ ਗਾਇਕ ਰਾਜਵੀਰ ਜਵੰਦਾ (35) ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਹਾਲਾਂਕਿ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫੋਰਟਿਸ ਹਸਪਤਾਲ ਵੱਲੋਂ ਜਲਦੀ ਹੀ ਰਸਮੀ ਜਾਣਕਾਰੀ ਜਾਰੀ ਕੀਤੇ ਜਾਣ ਦੀ ਉਮੀਦ ਹੈ। ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਮਿਲਦੇ ਹੀ ਮੋਹਾਲੀ ਪੁਲਿਸ ਨੇ ਹਸਪਤਾਲ ਦੇ ਬਾਹਰ ਸੁਰੱਖਿਆ ਵਧਾ ਦਿੱਤੀ। ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਨੇੜਲੇ ਲੋਕਾਂ ਦੇ ਅਨੁਸਾਰ, ਉਨ੍ਹਾਂ ਦੀ ਦੇਹ ਨੂੰ ਸਿੱਧਾ ਉਨ੍ਹਾਂ ਦੇ ਜੱਦੀ ਪਿੰਡ ਪੌਣਾ, ਜਗਰਾਉਂ, ਲੁਧਿਆਣਾ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕੀਤੀ। ਪੰਜਾਬੀ ਅਦਾਕਾਰ ਬੀ.ਐੱਨ. ਸ਼ਰਮਾ ਨੇ ਕਿਹਾ, ”ਇਹ ਬਹੁਤ ਦੁਖਦਾਈ ਖ਼ਬਰ ਹੈ। ਹਰ ਕੋਈ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਸੀ, ਪਰ ਅਜਿਹਾ ਨਹੀਂ ਹੋਇਆ।”
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ 27 ਸਤੰਬਰ ਨੂੰ ਹਿਮਾਚਲ ਦੇ ਬੱਦੀ ਵਿਚ ਵਾਪਰੇ ਇਕ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ। ਰਾਜਵੀਰ ਜਵੰਦਾ ਦੇ ਸਿਰ ਤੇ ਰੀੜ੍ਹ ਦੀ ਹੱਡੀ ‘ਚ ਸੱਟਾਂ ਲੱਗੀਆਂ ਸਨ। ਹਸਪਤਾਲ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲਾ ਦਾ ਦੌਰਾ ਵੀ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਸ ਦਿਨ ਤੋਂ ਲਗਾਤਾਰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਦੱਸ ਦਈਏ ਕਿ ਦੁਨੀਆਂ ਭਰ ਦੇ ਪ੍ਰਸ਼ੰਸਕ ਅਤੇ ਸ਼ੁੱਭਚਿੰਤਕ, ਗਾਇਕ, ਸਿਆਸਤਦਾਨਾਂ ਜਵੰਦਾ ਲਈ ਅਰਦਾਸਾਂ ਕਰ ਰਹੇ ਸਨ, ਜੋ ਕਿ ਕਬੂਲ ਨਹੀਂ ਹੋਈਆਂ। ਉਨ੍ਹਾਂ ਦੀ ਹਾਲਤ ਨੂੰ ਦੇਖਕੇ ਹਰ ਕੋਈ ਚਮਤਕਾਰ ਦੀ ਉਮੀਦ ਕਰ ਰਿਹਾ ਸੀ। ਗਾਇਕ ਦੀ ਮਾਂ ਜਿਨ੍ਹਾਂ ਨੇ ਹਾਲ ਹੀ ਵਿਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ, ਨੂੰ ਹੁਣ ਇੱਕ ਹੋਰ ਵੱਡਾ ਘਾਟਾ ਪੈ ਗਿਆ ਹੈ ਕਿਉਂਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਜ਼ਿੰਦਗੀ ਦੀ ਲੜਾਈ ਹਾਰ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਰਾਜਵੀਰ ਜਵੰਦਾ ਦਾ ਸਫ਼ਰ ਕਿਸੇ ਪ੍ਰੇਰਨਾਦਾਇਕ ਤੋਂ ਘੱਟ ਨਹੀਂ ਰਿਹਾ। ਗਾਇਕ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੰਜਾਬ ਪੁਲਿਸ ‘ਚ ਸੇਵਾ ਨਿਭਾ ਰਿਹਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੇ ਵੀ ਪੰਜਾਬ ਪੁਲਿਸ ਜੁਆਇਨ ਕੀਤੀ। ਪਰ ਗਾਉਣ ਨੂੰ ਲੈ ਕੇ ਉਨ੍ਹਾਂ ਦਾ ਜਨੂੰਨ ਕਦੇ ਵੀ ਘੱਟ ਨਹੀਂ ਹੋਇਆ। ਜਵੰਦਾ ਨੇ ਦੱਸਿਆ ਕਿ ਜ਼ਿੰਦਗੀ ‘ਚ ਅਨੁਸ਼ਾਨ ਨਾਲ ਕਿਵੇਂ ਰਹਿਣਾ ਅਤੇ ਕਿਵੇਂ ਆਪਣੇ ਵੱਡੇ-ਛੋਟੇ ਕੰਮ ਕਰਨੇ ਹਨ, ਉਨ੍ਹਾਂ ਨੂੰ ਪੁਲਿਸ ਦੀ ਸਿਖਲਾਈ ਦੌਰਾਨ ਪਤਾ ਲੱਗਿਆ।
ਗਾਇਕ ਰਾਜਵੀਰ ਜਵੰਦਾ ਨੇ ਆਪਣੀ ਸੁਰੀਲੀ ਆਵਾਜ਼ ਅਤੇ ਜੋਸ਼ੀਲੀ ਸ਼ਖਸੀਅਤ ਨਾਲ ਲੱਖਾਂ ਦਿਲ ਜਿੱਤੇ ਸਨ।