– ਉਡੀਕ ਸਮਾਂ ਘਟਾਉਣਾ ਸੰਭਵ ਨਹੀਂ : ਯੂ.ਐੱਸ. ਡਿਪਲੋਮੈਟ
– ਭਾਰਤ ਦੇ ਕਿਸੇ ਵੀ ਕੌਂਸਲੇਟ ਵਿਚ ਬੁੱਕ ਕੀਤੀ ਜਾ ਸਕਦੀ ਹੈ ਇੰਟਰਵਿਊ
ਵਾਸ਼ਿੰਗਟਨ, 22 ਅਗਸਤ (ਪੰਜਾਬ ਮੇਲ)- ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਭਾਰਤੀ ਲੋਕਾਂ ਨੂੰ ਉਡੀਕ ਸਮੇਂ ਵਿਚ ਹੋਰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸ ਸਬੰਧੀ ਨਵੀਂ ਦਿੱਲੀ ਸਥਿਤ ਯੂ.ਐੱਸ ਅੰਬੈਸੀ ਵਿਚ ਪਬਲਿਕ ਡਿਪਲੋਮੈਸੀ ਦੇ ਮਿਨਿਸਟਰ ਕੌਂਸਲਰ ਗਲੋਰੀਆ ਬਰਬੀਨਾ ਨੇ ਕਿਹਾ ਕਿ ਫਿਲਹਾਲ ਉਡੀਕ ਸਮੇਂ ਵਿਚ ਸੁਧਾਰ ਸੰਭਵ ਨਹੀਂ ਪਰ ਭਾਰਤ ਦੇ ਕਿਸੇ ਵੀ ਸੂਬੇ ਵਿਚ ਰਹਿਣ ਵਾਲੇ ਕਿਸੇ ਵੀ ਕੌਂਸਲੇਟ ਵਿਚ ਆਪਣੀ ਵੀਜ਼ਾ ਇੰਟਰਵਿਊ ਬੁਕ ਕਰ ਸਕਦੇ ਹਨ। ਬਰਬੀਨਾ ਨੇ ਦੱਸਿਆ ਕਿ ਨਵੀਂ ਦਿੱਲੀ ਵਿਖੇ ਪਹਿਲੀ ਵਾਰ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਇੰਟਰਵਿਊ ਵਾਸਤੇ 386 ਦਿਨ ਉਡੀਕ ਕਰਨੀ ਪੈਂਦੀ ਹੈ ਪਰ ਕਲਕੱਤਾ ਦੇ ਕੌਂਸਲੇਟ ਵਿਖੇ ਇਹ ਸਮਾਂ ਸਿਰਫ 24 ਦਿਨ ਹੀ ਚੱਲ ਰਿਹਾ ਹੈ।
ਇਸ ਦੇ ਉਲਟ ਹੈਦਰਾਬਾਦ ਕੌਂਸਲੇਟ ਵਿਖੇ ਉਡੀਕ ਸਮਾਂ 407 ਦਿਨ ਚੱਲ ਰਿਹਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੂਰੀ ਦੁਨੀਆਂ ਵਿਚੋਂ ਅਮਰੀਕਾ ਪੁੱਜਣ ਦੇ ਇੱਛੁਕ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਅਰਜ਼ੀਆਂ ਦਾ ਬੈਕਲਾਗ ਵਧਣਾ ਲਾਜ਼ਮੀ ਹੈ। ਵੱਖ-ਵੱਖ ਸ਼੍ਰੇਣੀਆਂ ਵਾਲੇ ਵੀਜ਼ੇ ਵੱਖੋ-ਵੱਖਰੀ ਸਮਾਂ ਹੱਦ ਵਿਚ ਜਾਰੀ ਕੀਤੇ ਜਾ ਰਹੇ ਹਨ। ਕੋਰੋਨਾ ਮਹਾਮਾਰੀ ਦੌਰਾਨ ਅੰਬੈਸੀਆਂ ਬੰਦ ਰਹਿਣ ਕਾਰਨ ਹਾਲਾਤ ਵਿਗੜ ਗਏ ਅਤੇ ਇਸ ਮਗਰੋਂ ਉਡੀਕ ਸਮਾਂ ਘਟਾਉਣ ਦੇ ਯਤਨ ਵੱਡੇ ਪੱਧਰ ‘ਤੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਮਰੀਕਾ ਦੀਆਂ ਕਈ ਯੂਨੀਵਰਸਿਟੀਜ਼ ਭਾਰਤ ਵਿਚ ਕੈਂਪਸ ਬਣਾਉਣਾ ਚਾਹੁੰਦੀਆਂ ਹਨ ਜਿਸ ਦੇ ਮੱਦੇਨਜ਼ਰ ਮੁਲਕ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਆ ਰਹੀ ਦਿੱਕਤ ਬਾਰੇ ਪੁੱਛੇ ਜਾਣ ‘ਤੇ ਬਰਬੀਨਾ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਸਿਰਫ ਪੜ੍ਹਨ ਦੀ ਸਹੂਲਤ ਦਿਤੀ ਗਈ ਹੈ ਅਤੇ ਨੌਕਰੀ ਦੀ ਕੋਈ ਗਾਰੰਟੀ ਨਹੀਂ ਦਿਤੀ ਜਾਂਦੀ। ਅਜਿਹੇ ਵਿਚ ਵਿਦਿਆਰਥੀਆਂ ਨੂੰ ਆਪਣਾ ਕੋਰਸ ਖ਼ਤਮ ਕਰਨ ਮਗਰੋਂ ਵਾਪਸੀ ਕਰਨੀ ਚਾਹੀਦੀ ਹੈ ਅਤੇ ਭਾਰਤ ਵਿਚ ਬਿਹਤਰ ਮੌਕਿਆਂ ਦੀ ਤਲਾਸ਼ ਕਰਨ।