#INDIA

ਭਾਰਤੀ ਸ਼ੇਅਰ ਬਾਜ਼ਾਰ ‘ਚ ਚੀਨੀ ਨਿਵੇਸ਼ ਵਧਿਆ

-ਗੁਪਤ ਰੂਪ ਨਾਲ ਬਣਾਇਆ 40,000 ਕਰੋੜ ਰੁਪਏ ਦਾ ਪੋਰਟਫੋਲੀਓ
ਨਵੀਂ ਦਿੱਲੀ, 4 ਜਨਵਰੀ (ਪੰਜਾਬ ਮੇਲ)- ਭਾਰਤੀ ਸਟਾਕ ਮਾਰਕੀਟ ਤੇਜ਼ੀ ਨਾਲ ਉੱਭਰ ਰਹੇ ਗਲੋਬਲ ਬਾਜ਼ਾਰਾਂ ਵਿਚ ਇੱਕ ਪ੍ਰਮੁੱਖ ਸਥਾਨ ਰੱਖਦਾ ਹੈ। ਇਸਦੀ ਪ੍ਰਸਿੱਧੀ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਵਿਚ ਲਗਾਤਾਰ ਵਧ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਗੁਆਂਢੀ ਦੇਸ਼ ਚੀਨ ਦੇ ਨਿਵੇਸ਼ਕਾਂ ਦਾ ਝੁਕਾਅ ਵੀ ਭਾਰਤੀ ਕੰਪਨੀਆਂ ਵੱਲ ਵਧਿਆ ਹੈ। ਇਕ ਰਿਪੋਰਟ ਮੁਤਾਬਕ ਚੀਨ ਦੇ ਕੇਂਦਰੀ ਬੈਂਕ ਪੀਪਲਜ਼ ਬੈਂਕ ਆਫ ਚਾਈਨਾ (ਪੀ.ਬੀ.ਓ.ਸੀ.) ਨੇ ਭਾਰਤੀ ਸ਼ੇਅਰ ਬਾਜ਼ਾਰ ‘ਚ ਵੱਡੇ ਪੱਧਰ ‘ਤੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੀ.ਬੀ.ਓ.ਸੀ. ਨੇ ਕੈਲੰਡਰ ਸਾਲ 2024 ਦੇ ਅੰਤ ਤੱਕ 35 ਭਾਰਤੀ ਕੰਪਨੀਆਂ ਵਿਚ 40,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਚੀਨ ਤੋਂ 17 ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ.ਪੀ.ਆਈਜ਼) ਭਾਰਤ ਵਿਚ ਰਜਿਸਟਰਡ ਹਨ, ਜਿਸ ਵਿਚ ਬੈਸਟ ਇਨਵੈਸਟਮੈਂਟ ਕਾਰਪੋਰੇਸ਼ਨ ਵਰਗੀਆਂ ਵੱਡੀਆਂ ਸਰਕਾਰੀ ਸੰਸਥਾਵਾਂ ਸ਼ਾਮਲ ਹਨ। ਇਹ ਕਾਰਪੋਰੇਸ਼ਨਾਂ ਵਿਸ਼ਵ ਪੱਧਰ ‘ਤੇ 870 ਬਿਲੀਅਨ ਡਾਲਰ ਦੀ ਜਾਇਦਾਦ ਦਾ ਪ੍ਰਬੰਧਨ ਕਰਦੀਆਂ ਹਨ।
ਪੀ.ਬੀ.ਓ.ਸੀ. ਨੇ ਭਾਰਤੀ ਸਟਾਕ ਮਾਰਕੀਟ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਵਿਚ ਸਭ ਤੋਂ ਵੱਧ ਨਿਵੇਸ਼ ਕੀਤਾ ਹੈ। ਚੀਨ ਦੇ ਇਸ ਸੈਂਟਰਲ ਬੈਂਕ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ 6,139 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। ਇਸ ਦੇ ਨਾਲ ਹੀ ਐੱਚ.ਡੀ.ਐੱਫ.ਸੀ. ਬੈਂਕ ‘ਚ 5,344 ਕਰੋੜ ਰੁਪਏ ਦੀ ਹਿੱਸੇਦਾਰੀ ਵੀ ਲਈ ਗਈ ਹੈ। ਇਸ ਤੋਂ ਇਲਾਵਾ ਪੀ.ਬੀ.ਓ.ਸੀ. ਨੇ ਸਰਕਾਰੀ ਕੰਪਨੀ ਪਾਵਰ ਗਰਿੱਡ ਕਾਰਪੋਰੇਸ਼ਨ ਵਿਚ ਵੀ 1,414 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਬੈਂਕ ਦੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਵਿਚ 3,619 ਕਰੋੜ ਰੁਪਏ ਦੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਕੋਟਕ ਮਹਿੰਦਰਾ ਬੈਂਕ, ਹਿੰਦੁਸਤਾਨ ਯੂਨੀਲੀਵਰ ਅਤੇ ਬਜਾਜ ਫਾਈਨਾਂਸ ‘ਚ 1,500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ।
ਪੀ.ਬੀ.ਓ.ਸੀ. ਦਾ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਅਤੇ ਅਲਟਰਾਟੈਕ ਸੀਮੈਂਟ ਵਰਗੀਆਂ ਕੰਪਨੀਆਂ ਵਿਚ 1,100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੈ। ਇਸ ਤੋਂ ਇਲਾਵਾ ਬਜਾਜ ਫਿਨਸਰਵ, ਏਸ਼ੀਅਨ ਪੇਂਟਸ ਅਤੇ ਪੇਟੀਐਮ ਦੀ ਮੂਲ ਕੰਪਨੀ ਵੰਨ97 ਕਮਿਊਨੀਕੇਸ਼ਨਜ਼ ਵਿਚ ਵੀ ਹਿੱਸੇਦਾਰੀ ਲਈ ਗਈ ਹੈ। ਚੀਨ ਦੇ ਇਨ੍ਹਾਂ ਵੱਡੇ ਨਿਵੇਸ਼ਾਂ ਨੇ ਦੁਨੀਆਂ ਦਾ ਧਿਆਨ ਭਾਰਤੀ ਸ਼ੇਅਰ ਬਾਜ਼ਾਰ ਵੱਲ ਖਿੱਚਿਆ ਹੈ। ਹਾਲਾਂਕਿ ਇਨ੍ਹਾਂ ਨਿਵੇਸ਼ਾਂ ਦੇ ਨਾਲ-ਨਾਲ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਅਤੇ ਆਰਥਿਕ ਸਬੰਧਾਂ ਨੂੰ ਲੈ ਕੇ ਵੀ ਚਰਚਾ ਹੋਈ ਹੈ। ਭਾਰਤੀ ਕੰਪਨੀਆਂ ਵਿਚ ਪੀ.ਬੀ.ਓ.ਸੀ. ਦੁਆਰਾ ਕੀਤਾ ਗਿਆ ਇਹ ਨਿਵੇਸ਼ ਦਰਸਾਉਂਦਾ ਹੈ ਕਿ ਭਾਰਤੀ ਬਾਜ਼ਾਰ ਨਾ ਸਿਰਫ਼ ਉਭਰਦਾ ਹੋਇਆ ਬਾਜ਼ਾਰ ਹੈ, ਸਗੋਂ ਗਲੋਬਲ ਨਿਵੇਸ਼ਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।