ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਟੋਰਾਂਟੋ, 1 ਜੁਲਾਈ (ਪੰਜਾਬ ਮੇਲ)- ਵਿਦੇਸ਼ਾਂ ‘ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਲੰਮੇ ਸਮੇਂ ਤੋਂ ਪਸੰਦੀਦਾ ਦੇਸ਼ ਸੀ ਪਰ ਹੁਣ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਵੱਖ-ਵੱਖ ਕਾਰਨਾਂ ਕਰਕੇ ਪਿਛਲੇ ਇੱਕ ਸਾਲ ਵਿਚ ਭਾਰਤੀ ਵਿਦਿਆਰਥੀਆਂ ਵਿਚ ਕੈਨੇਡਾ ਲੋਕਪ੍ਰਿਅ ਨਹੀਂ ਰਿਹਾ। ਆਈ.ਆਰ.ਸੀ.ਸੀ. ਦੇ ਅੰਕੜਿਆਂ ਅਨੁਸਾਰ ਮਾਰਚ 2024 ਵਿਚ ਸਿਰਫ 4,210 ਭਾਰਤੀ ਵਿਦਿਆਰਥੀਆਂ ਨੇ ਅਧਿਐਨ ਪਰਮਿਟ ਲਈ ਅਰਜ਼ੀ ਦਿੱਤੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 83.16 ਫੀਸਦੀ ਹੈ। ਮਾਰਚ 2022 ਅਤੇ ਮਾਰਚ 2023 ਵਿਚ 25 ਹਜ਼ਾਰ ਭਾਰਤੀ ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਸੀ।
ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਸਟੱਡੀ ਪਰਮਿਟ ਅਰਜ਼ੀਆਂ ਦੀ ਗਿਣਤੀ ਅਕਤੂਬਰ 2023 ਤੱਕ ਲਗਾਤਾਰ ਘਟਦੀ ਜਾ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ 2023 ਦੀ ਆਖਰੀ ਤਿਮਾਹੀ ਵਿਚ 86 ਫੀਸਦੀ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ। 2023 ‘ਚ ਜੁਲਾਈ ਤੋਂ ਸਤੰਬਰ ਵਿਚਕਾਰ 1.08 ਲੱਖ ਵੀਜ਼ਾ ਪਰਮਿਟ ਜਾਰੀ ਹੋਏ, ਅਕਤੂਬਰ ਤੋਂ ਦਸੰਬਰ ਵਿਚਕਾਰ ਸਟੱਡੀ ਪਰਮਿਟ ਦੀ ਗਿਣਤੀ 14,910 ‘ਤੇ ਆ ਗਈ।
ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਦਾ ਕੈਨੇਡਾ ਦੀ ਅਰਥਵਿਵਸਥਾ ‘ਤੇ ਕਾਫੀ ਅਸਰ ਪਿਆ ਹੈ। ਅੰਤਰਰਾਸ਼ਟਰੀ ਵਿਦਿਆਰਥੀ ਵਿਚੋਂ 41 ਫੀਸਦੀ ਭਾਰਤ ਤੋਂ ਆਉਂਦੇ ਹਨ, ਉਹ ਟਿਊਸ਼ਨ ਫੀਸਾਂ, ਰਿਹਾਇਸ਼ ਅਤੇ ਰਹਿਣ-ਸਹਿਣ ਦੇ ਖਰਚਿਆਂ ਰਾਹੀਂ ਸਾਲਾਨਾ ਅਰਬਾਂ ਡਾਲਰ ਦਾ ਯੋਗਦਾਨ ਪਾਉਂਦੇ ਹਨ। ਕੈਨੇਡੀਅਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੀ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਸਾਲਾਨਾ ਕੈਨੇਡੀਅਨ ਆਰਥਿਕਤਾ ਵਿਚ ਲਗਭਗ 1.34 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਹਨ।
ਪੰਜਾਬ ਦੇ ਵਿਦਿਆਰਥੀ ਕੈਨੇਡੀਅਨ ਆਰਥਿਕਤਾ ਵਿਚ 68,000 ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਹਨ। ਓਨਟਾਰੀਓ ਵਿਚ 8 ਸਾਲਾਂ ਤੋਂ ਕਰਿਆਨੇ ਦੀ ਦੁਕਾਨ ਚਲਾ ਰਹੇ ਰਾਜ ਪਟੇਲ ਦਾ ਕਹਿਣਾ ਹੈ ਕਿ ਸਾਡੇ ਜ਼ਿਆਦਾਤਰ ਉਤਪਾਦ ਕਿਫਾਇਤੀ ਹਨ, ਵਿਦਿਆਰਥੀ ਸਾਡੇ ਮੁੱਖ ਗਾਹਕਾਂ ਵਿਚੋਂ ਇੱਕ ਹਨ। ਇਸ ਬਦਲਾਅ ਕਾਰਨ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਵਿਚ ਗਿਰਾਵਟ ਦੇ ਕਈ ਕਾਰਨ ਹਨ, ਇਨ੍ਹਾਂ ਵਿਚ ਵਿਗੜਦੇ ਕੂਟਨੀਤਿਕ ਸਬੰਧ, ਰੁਜ਼ਗਾਰ ਦੇ ਮੌਕਿਆਂ ਦੀ ਘਾਟ, ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਸ਼ਾਮਲ ਹਨ।
ਕੈਨੇਡਾ ਵਿਚ 2021 ਵਿਚ ਮਹਿੰਗਾਈ ਦਰ 0.71 ਫੀਸਦੀ, ਜੋ 2023 ਵਿਚ ਵੱਧ ਕੇ 6.8 ਫੀਸਦੀ ਹੋ ਗਿਆ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ‘ਤੇ ਹਫ਼ਤੇ ‘ਚ 24 ਘੰਟੇ ਕੰਮ ਕਰਨ ਦੀ ਸੀਮਾ ਲਗਾਈ ਹੈ। ਇਸ ਕਾਰਨ ਵਿਦਿਆਰਥੀਆਂ ਲਈ ਚੰਗੀ ਜੀਵਨ ਸ਼ੈਲੀ ਜਿਊਣਾ ਸੰਭਵ ਨਹੀਂ ਹੈ। ਕੈਨੇਡਾ ਵਿਚ ਰਿਹਾਇਸ਼ੀ ਸੰਕਟ ਕਾਰਨ ਇੱਕ ਮਕਾਨ ਕਿਰਾਏ ‘ਤੇ ਦੇਣਾ ਤੇ ਇਸ ਨੂੰ ਲੈਣਾ ਵੀ ਹੁਣ ਬਰਦਾਸ਼ਤਯੋਗ ਨਹੀਂ ਹੈ।
ਕੈਨੇਡਾ ਵਿਚ ਨੌਕਰੀ ਦੀ ਮਾਰਕੀਟ ਵਿਚ ਗਿਰਾਵਟ ਭਾਰਤੀ ਵਿਦਿਆਰਥੀਆਂ ਲਈ ਹੋਰ ਸਮੱਸਿਆਵਾਂ ਪੈਦਾ ਕਰ ਰਹੀ ਹੈ। ਕੈਨੇਡਾ ਵਿਚ ਤਕਨੀਕੀ ਭਰਤੀ ਕਰਨ ਵਾਲੇ ਲਸ਼ਿਤ ਕਪੂਰ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀ 20 ਸਾਲਾਂ ਦੇ ਹੁੰਦੇ ਹਨ ਅਤੇ ਉਨ੍ਹਾਂ ਕੋਲ ਇਹ ਸਖ਼ਤ ਹੁਨਰ ਨਹੀਂ ਹੁੰਦੇ ਹਨ, ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਹੋਰ ਘਟਦੀਆਂ ਹਨ। ਅਸਲ ਵਿਚ, ਕੈਨੇਡਾ ਵਿਚ ਬੇਰੁਜ਼ਗਾਰੀ ਦੀ ਦਰ 6.1 ਫੀਸਦੀ ਤੱਕ ਪਹੁੰਚ ਗਈ, ਜੋ ਕਿ 3 ਸਾਲਾਂ ਵਿਚ ਸਭ ਤੋਂ ਵੱਧ ਹੈ। ਅਪ੍ਰੈਲ 2024 ਵਿਚ 25 ਹਜ਼ਾਰ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਪਰ 2200 ਨੌਕਰੀਆਂ ਚਲੀਆਂ ਗਈਆਂ।